12.4.08

ਵਸਾਖੀ ਸਰ੍ਹੀ ਸ਼ਹਿਰ ਦੀ.....

ਅੱਜ ਸਰ੍ਹੀ ਸ਼ਹਿਰ, ਬ੍ਰਿਟਿਸ਼ ਕੋਲੰਬੀਆ ਸੂਬਾ ਅਤੇ ਕਨੇਡਾ ਦੇਸ਼ ਦੀ ਧਰਤੀ ਉੱਪਰ ਪੰਜਾਬੀਆਂ ਦਾ ਮਾਣਮੱਤਾ ਤਿਓਹਾਰ ਵਸਾਖੀ ਮਨਾਇਆ ਜਾ ਰਿਹਾ ਹੈ।
ਸੋਨੇ ਰੰਗੀਆਂ ਝੂਮਦੀਆਂ ਪੱਕੀਆਂ ਕਣਕਾਂ ਵੇਖੀਆਂ ਨੂੰ ਕਾਫੀ ਮੁੱਦਤ ਹੋ ਗਈ ਹੈ ਪਰ ਵਸਾਖੀ ਹਰ ਸਾਲ ਜਰੂਰ ਵੇਖ ਲਈ ਦੀ ਹੈ। ਰਾਤ ਦੀ ਸ਼ਿਫਟ ਦਾ ਕੰਮ ਹੋਣ ਕਰਕੇ ਅੱਜ ਜਦੋਂ ਸਵੇਰੇ ਘਰ ਆ ਕੇ ਚਾਰ ਵਜੇ ਸੁੱਤਾ ਸੀ ਤਾਂ ਸੋਚਦਾ ਸਾਂ ਕਿ ਵਸਾਖੀ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਅੱਗੇ ਨਾਲੋਂ ਪਹਿਲਾਂ ਜਾਗਣਾ ਪਵੇਗਾ। ਪਰ ਰਾਤ ਦੇ ਕੰਮ ਕਰਕੇ ਨੀਂਦ ਵੀ ਬਹੁਤ ਆਉਂਦੀ ਹੈ। ਪਰ ਫੇਰ ਵੀ ਦਸ ਵਜੇ, ਛੇ ਘੰਟੇ ਸੌਂ ਕੇ ਉੱਠ ਬੈਠਾ ਹਾਂ ਅਤੇ ਸਰੀਰਕ ਕਿਰਿਆਵਾਂ ਨਿਭਾਅ, ਚਾਹ ਦਾ ਕੱਪ ਫੜ, ਕੁਝ ਅੱਖਰ ਪਾ ਰਿਹਾ ਹਾਂ....
ਇੱਥੇ ਦੀ ਵਸਾਖੀ ਵਾਰੇ ਹੋਰ ਗੱਲਾਂ ਜਾਨ ਰਹੀ ਤਾਂ ਕੱਲ ਵੀ ਲਿਖਾਂਗਾ।
ਇੱਥੇ ਹਰ ਸਾਲ ਹੁਣ ਕਈ ਸਾਲਾਂ ਤੋਂ ਦੋ ਨਗਰ ਕੀਰਤਨ ਨਿੱਕਲਦੇ ਹਨ। ਇਸ ਸਾਲ ਇੱਕ ਅੱਜ ਹੈ ੧੨ ਤਾਰੀਖ ਨੂੰ ਅਤੇ ਦੂਜਾ ੧੯ ਤਾਰੀਖ ਨੂੰ ਹੈ ਅਗਲੇ ਹਫਤੇ। ਅੱਜ ਸਰ੍ਹੀ ਵਿੱਚ ਅਤੇ ਦੂਜਾ ਵੈਨਕੂਵਰ ਵਿੱਚ।
ਦਸਵੇਂ ਪਾਤਸ਼ਾਹ ਨੇ ਮਨੁੱਖਤਾ ਨੂੰ ਇੱਕ ਹੋਣ ਦਾ ਸੱਦਾ ਦਿੱਤਾ ਸੀ ਪਰ ਅੱਜ ਅਸੀਂ ਦੋ ਨਹੀਂ ਕਈ ਹੋਏ ਬੈਠੇ ਹਾਂ। ਖੈਰ, ਵਸਾਖੀ ਦੇ ਨਗਰ ਕੀਰਤਨ ਦੇ ਨਾਲ ਨਾਲ ਇੱਥੇ ਜਦ ਸ਼ਾਮਾਂ ਪੈਂਦੀਆਂ ਹਨ ਤਾਂ ਵੱਡੇ ਵੱਡੇ ਹਾਲਾਂ ਵਿੱਚ ਢੋਲ ਦੀ ਅਵਾਜ਼ ਵੀ ਗੱਜਣ ਲੱਗਦੀ ਹੈ। ਇਸ ਸਾਲ ਵੀ ਕੁਝ ਸ਼ੋ ਹੋ ਰਹੇ ਹਨ। ਪੰਜਾਬੀ ਗੀਤ ਸੰਗੀਤ ਨਾ ਹੋਵੇ ਤਾਂ ਵਸਾਖੀ ਅਧੂਰੀ ਸਮਝੀ ਜਾਵੇਗੀ ਇਸ ਲਈ ਪੰਜਾਬ ਦੇ ਕਈ ਨਾਮਵਰ ਕਲਾਕਾਰ ਵਸਾਖੀ ਦੇ ਤਿਓਹਾਰ ਵਿੱਚ ਹਿੱਸਾ ਲੈਣ ਲਈ ਇੱਥੇ ਪਹੁੰਚੇ ਹੋਏ ਹਨ। ਇਹ ਵੱਖਰੀ ਗੱਲ ਹੈ ਕਿ ਇਸ ਸਭ ਨੂੰ ਹੀ ਹੁਣ ਮਨੋਰੰਜਨ ਸਮਝ ਲਿਆ ਗਿਆ ਹੈ! ਵਸਾਖੀ, ਸੱਭਿਆਚਾਰ ਅੱਜ ਪੰਜਾਬੀ ਗਾਇਕੀ ਹੀ ਸਮਝਿਆ ਜਾਂਦਾ ਹੈ। ਵੈਸੇ ਵੀ ਮਨੋਰੰਜਨ ਦੇ ਅਰਥ ਬਦਲ ਚੁੱਕੇ ਨੇ ਬਦਲ ਰਹੇ ਸੰਸਾਰ ਵਿੱਚ।
ਪਿਛਲੇ ਦੋ ਕੁ ਸਾਲਾਂ ਤੋਂ ਮੇਰਾ ਸ਼ੋਆਂ ਵਿੱਚ ਜਾਣਾ ਲਗਭਗ ਖਤਮ ਹੀ ਹੋ ਚੁੱਕਾ ਹੈ। ਸ਼ੋਆਂ ਦੀ ਗਿਣਤੀ ਵਧਣ ਦੇ ਨਾਲ ਨਾਲ ਸ਼ੋਆਂ ਦੀ ਸ਼ਾਨ ਖਰਾਬ ਹੀ ਹੋ ਗਈ ਸੀ। ਇਸ ਵਾਰੇ ਇੱਕ ਵਾਰ ਸ਼ੋ ਵੇਖ ਕੇ ਕਵਿਤਾ ਲਿਖੀ ਸੀ, ਕਦੇ ਫਿਰ ਨਸ਼ਰ ਕਰਾਂਗਾ। ਉਸ ਤੋਂ ਬਾਅਦ ਆਪਣਾ ਕੀਮਤੀ ਸਮਾਂ ਹੋਰ ਪਾਸੇ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਸ਼ੋਆਂ ਨੂੰ ਅਲਵਿਦਾ ਆਖ ਦਿੱਤੀ ਸੀ....
ਵਸਾਖੀ ਦਾ ਤਿਓਹਾਰ ਆਪਸੀ ਭੇਦਭਾਵ ਨੂੰ ਮਿਟਾ ਕੇ, ਸਭ ਮਨੁੱਖਾਂ ਦੇ ਰਲ ਮਿਲ ਕੇ ਪਰਮਾਤਮਾ ਦੇ ਦਿੱਤੇ ਹੋਏ ਦਾ ਸ਼ੁਕਰਾਨਾ ਕਰਨ ਲਈ ਇਕ ਕਿਸਮ ਦਾ ਸਿਜਦਾ ਕਰਨਾ ਹੀ ਜਾਪਦਾ ਹੈ....
ਬਾਕੀ ਵਸਾਖੀ ਵੇਖ ਕੇ ਲਿਖਣ ਦੀ ਕੋਸ਼ਿਸ਼ ਕਰਾਂਗਾ.....

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...