1.12.15

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ!

ਲੋਕ ਕੁਝ ਵੀ ਕਹਿਣ, ਕੰਧ ਤੇ ਲਿਖਿਆ ਹਰ ਕੋਈ ਪੜ੍ਹ ਲੈਂਦਾ ਹੈ ਪਰ ਦਿਲ ਤੇ ਲਿਖਿਆ ਕੋਈ ਕੋਈ ਹੀ ਪੜ੍ਹ ਸਕਦਾ ਹੈ!

ਸੋਹਣੇ ਲੱਗਦੇ ਨੇ ਨਾ ਪਿਆਰ ਦੇ ਸਰੂਰ 'ਚ ਪਾਲ਼ੇ ਗਏ ਸੁਫਨੇ? ਇਹ ਸੁਫਨੇ ਬਹੁਤੀ ਵਾਰ ਪਾਣੀ ਦੇ ਬੁਲਬੁਲੇ ਬਣ ਕੇ ਰਹਿ ਜਾਂਦੇ ਨੇ ਕਿਉਂਕਿ ਹਕੀਕਤ ਦੇ ਰਾਜ਼ ਛੁਪਾਇਆਂ ਵੀ ਨਹੀਂ ਛੁਪਦੇ!

ਕਦੀ ਸੋਚਿਆ? ਕਿਸੇ ਭਟਕਦੇ ਰਾਹੀ ਨੂੰ ਮੰਜ਼ਿਲ ਤੇ ਪਹੁੰਚਾਉਣ ਵਾਲ਼ੇ ਪੈਰ ਕਿਹੜੇ ਚਾਅ ਨਾਲ਼ ਚੁੱਕੀ ਫਿਰਦੇ ਨੇ ਓਸ ਆਸਵੰਦ ਰੂਹ ਦਾ ਭਾਰ!

"ਕਹਿਣਾ ਕੀ ਚਾਹੁੰਦੇ ਤੂੰ" ਤੂੰ ਕਈ ਵਾਰ ਪੁੱਛਿਆ ਸੀ ਮੈਨੂੰ,,,,, "ਤੂੰ ਸੁਣਨਾਂ ਕੀ ਚਾਹੁੰਦੀ ਹੈਂ?" ਇਕ ਵਾਰ ਹੀ ਮਸਾਂ ਕਹਿ ਸਕਿਆ ਸੀ ਮੈਂ, ਤੈਨੂੰ!

1 ਦਸੰਬਰ 2015

25.11.15

ਕੁਝ ਖਿਆਲ......

ਗੱਲਾਂ ਤਾਂ ਬਹੁਤ ਹੁੰਦੀਆਂ ਨੇ ਪਰ ਕਦੀ ਤੇਰੇ ਕੋਲ਼ ਸਮਾਂ ਨਹੀਂ ਹੁੰਦਾ ਸੁਣਨ ਲਈ ਤੇ ਕਦੀ ਮੇਰੇ ਕੋਲ਼ ਕਰਨ ਲਈ। ਪਰ ਫਿਰ ਮੈਂ ਸੋਚਦਾ ਹਾਂ ਕਿ ਜ਼ਿੰਦਗੀ ਦੀ ਬਾਤ ਪਾਉਣ ਲਈ ਸਾਰੀ ਜ਼ਿੰਦਗੀ ਨਹੀਂ, ਕੁਝ ਕੁ ਸੁਨੱਖੇ ਪਲਾਂ ਦੀ ਹੀ ਲੋੜ ਹੁੰਦੀ ਹੈ ਬੱਸ।

ਮੈਂ ਚੁੱਪ ਚਾਪ, ਦੂਰ ਬਿਰਖ਼ ਤੇ ਕਾਂ ਕੁਰਲਾਉਂਦਾ ਸੁਣਦਾਂ ਹਾਂ, ਕਦੀ ਆਪਣੇ ਅੰਦਰ ਵੇਖਦਾਂ ਹਾਂ ਕਦੀ ਘਰ ਤੋਂ ਬਾਹਰ ਵੱਲ। ਇਓਂ ਜਾਪਦਾ ਹੈ ਜਿਵੇਂ ਚੁੱਪ ਪਸਰੀ ਹੋਈ ਹੈ ਵਸਦੇ ਜਹਾਨ ਤੇ ਪਰ ਕੰਧ ਤੇ ਲੱਗਾ ਧਰਤੀ ਵਰਗਾ ਗੋਲ਼ ਜਿਹਾ ਸਮਾਂ ਦੱਸਣ ਵਾਲ਼ਾ ਯੰਤਰ ਟਿਕ ਟਿਕ ਕਰਕੇ ਚੱਲ ਰਿਹਾ ਹੈ ਕਾਂ ਦੇ ਸਾਹਵਾਂ ਵਾਂਗਰਾਂ ਹੀ।

ਤੂੰ ਕਿਹਾ ਸੀ ਇਕ ਵਾਰ, "ਕਿੱਥੇ ਖੋਇਆ ਰਹਿਨਾਂ? ਕਦੀ ਤਾਂ ਮੇਰੀ ਗੱਲ ਵੱਲ ਵੀ ਧਿਆਨ ਰੱਖਿਆ ਕਰ!" ਮੈਂ ਅੱਜ ਵੀ ਸੋਚਦਾਂ ਕਿ, "ਉਦੋਂ ਤੂੰ ਮੈਥੋਂ ਦੂਰ ਜਾਣ ਦੀ ਗੱਲ ਕਰਦੀ ਸੀ ਸ਼ਾਇਦ, ਤੇ ਮੈਂ ਤੇਰੇ ਨਾਂ ਜ਼ਿੰਦਗੀ ਲਾਉਣ ਬਾਰੇ ਸੋਚਦਾ ਸੀ"

ਨਵੰਬਰ 2015

11.2.14

ਜਦੋਂ ਕੁਝ ਕਹਿਣ ਲਈ ਨਾ ਹੋਵੇ ਤਾਂ ਚੁੱਪ ਹੀ ਭਲੀ!

1.6.12

ਜਦੋਂ ਮਨ ਸ਼ਾਂਤ ਹੋਵੇ ਜਾਂ ਫੇਰ ਜਦੋਂ ਅਸ਼ਾਂਤ...........

ਜਦੋਂ ਮਨ ਦੀ ਹਾਲਤ ਝੀਲ ਦੇ ਪਾਣੀ ਵਰਗੀ ਅਡੋਲ ਹੋਵੇ ਜਾਂ ਪੂਰਨਮਾਸ਼ੀ ਦੀ ਰਾਤ ਵਿੱਚ ਖਲਬਲੀ ਮਚਾਉਂਦੇ ਸਾਗਰ ਵਰਗੀ, ਚੰਗੇ ਖਿਆਲ ਉਦੋਂ ਹੀ ਉਪਜਦੇ ਹਨ ਬਾਕੀ ਤੁਰੇ ਫਿਰਦੇ ਜਿਹੇ ਖਿਆਲ ਤਾਂ ਖੁੱਡੇ 'ਚ ਤਾੜੇ ਕੁੱਕੜਾਂ ਵਰਗੇ ਹੁੰਦੇ ਨੇ ਜਦੋਂ ਮਰਜ਼ੀ ਖੁੱਲੇ ਛੱਡ ਦਿਓ ਤੇ ਜਦੋਂ ਮਰਜ਼ੀ ਫੜ ਕੇ ਧੌਣ ਮਰੋੜ ਲਓ!

ਕਦੀ ਕਦੀ ਇਕੱਲਤਾ ਸਵਾਰ ਹੋ ਜਾਂਦੀ ਏ ਜ਼ਿੰਦਗੀ ਦੀ ਕਿਸ਼ਤੀ ਉੱਤੇ ਤੇ ਕਦੀ ਕਦੀ ਬਾਜ਼ ਲੈ ਉੱਡਦੇ ਨੇ ਰੂਹ ਨੂੰ ਜਿਸਮ ਦੇ ਪਿੰਜਰੇ 'ਚੋਂ ਰਿਹਾ ਕਰਾ ਕੇ!

ਤੇਰੇ ਕਹਿਣ ਨੂੰ ਕੀ ਕਰਨਾ? ਜਾਂ ਆਪਣੇ ਆਪ ਦਾ ਕੀ ਸੁਣਨਾ? ਸਭ ਕੁਝ ਬਹੁਤ ਬੋਝਲ ਜਿਹਾ ਜਾਪਣ ਲੱਗ ਪੈਂਦਾ ਏ, ਤੁਰਿਆਂ ਤੁਰਿਆਂ ਉਮਰਾਂ ਦੇ ਲੰਮੇ ਸਫ਼ਰ ਤੇ। ਤੂੰ ਕਹੇਂਗਾ ਕਿਹੋ ਜਹੀਆਂ ਬੇਸੁਆਦੀਆਂ ਗੱਲਾਂ ਮਾਰਨ ਲੱਗ ਪਿਆ ਏ, ਪਰ ਮੈਂ ਤਾਂ ਉਹੋ ਹੀ ਕਿਹਾ ਜੋ ਮੈਨੂੰ ਪਾਣੀ ਦੇ ਰੰਗ ਜਿਹਾ ਜਾਪਦਾ ਏ ਮੇਰੀ ਰੂਹ 'ਚ ਦੌੜਦਾ ਹੋਇਆ!

ਉਹ ਬਹੁਤ ਕੁਝ ਕਹਿ ਗਿਆ ਪਰ ਮੇਰਾ ਬਹੁਤ ਕੁਝ ਕਹਿਣ ਤੋਂ ਰਹਿ ਗਿਆ, ਚਲੋ ਕੋਈ ਨਹੀਂ ਕਹਿ ਕੇ ਓਸ ਸਮੇਂ ਤਾਂ ਪਾਸਾ ਵੱਟ ਲਿਆ ਸੀ ਅੰਦਰਲੇ ਤੋਂ! ਪਰ ਹੁਣ ਕਿਵੇਂ ਸਮਝਾਵਾਂ? ਕਿਵੇਂ ਮਨਾਵਾਂ ਕਿ ਦਿਲਾ, ਖਲਾਅ ਦੇ ਸਹਾਰੇ ਨਾਲ਼ ਉਮਰਾਂ ਦੀ ਸਰਦਲ ਨਹੀਂ ਟੱਪੀ ਜਾਂਦੀ!
ਕਮਲ ਕੰਗ  ੦੧ ਜੂਨ ੨੦੧੨ 

                     


6.3.12

ਪੰਜਾਬ ਚੋਣਾਂ...........ਕੀ ਕਹਿੰਦੀਆਂ ਨੇ ?

ਪੰਜਾਬ ਦੀ ਕਹਿ ਲਓ ਜਾਂ ਪੰਜਾਬ ਦੇ ਲੋਕਾਂ ਦੀ, ਦੋਵਾਂ ਲਈ ਬੜੀ ਮੰਦਭਾਗੀ ਹੋਣੀ ਵਰਤੀ ਹੈ। ਕੀ ਹੋ ਗਿਆ ਏ ਲੋਕਾਂ ਦੀ ਅਣਖ ਨੂੰ? ਕਿਓਂ ਵਿਕ ਜਾਂਦੇ ਨੇ ਲੋਕ ਹਰ ਵਾਰ? ਸਿਰਫ਼ ਆਟੇ, ਦਾਲ਼, ਬਿਜਲੀ ਆਦਿ ਵਸਤਾਂ ਮੁਫ਼ਤ ਲੈਣ ਲਈ ਲੋਕ ਆਪਣਾ ਜ਼ਮੀਰ ਵੇਚ ਦਿੰਦੇ ਨੇ,  ਇਹ ਸ਼ੇਰਾਂ ਦੀ ਕੌਮ ਨਹੀਂ ਅਕ੍ਰਿਤ ਘਣਾਂ ਦੀ ਕੌਮ ਬਣਦੀ ਜਾ ਰਹੀ ਹੈ। ਜੋ ਗੁੰਡਾਗਰਦੀ, ਚੋਰ ਬਜਾਰੀ, ਬੇਈਮਾਨੀ, ਨਸ਼ਾਖੋਰੀ, ਅਨਪੜ੍ਹਤਾ ਅਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਅਣਗਿਣਤ ਆਫਤਾਂ ਪੰਜਾਬ ਦੀ ਧਰਤੀ ਤੇ ਵਧਾਉਣ ਲਈ ਜਿੰਮੇਵਾਰ ਬਣਦੀ ਅੱਜ ਪ੍ਰਤੱਖ ਨਜ਼ਰ ਆ ਰਹੀ ਹੈ।
ਪੰਜਾਬ ਕੁੱਟ ਖਾਣ ਦਾ ਆਦੀ ਕਿਓਂ ਹੋ ਗਿਆ ਹੈ? ਕੀ ਪੰਜਾਬੀਆਂ ਦੇ ਸੁਭਾਅ 'ਚੋਂ ਗੈਰਤ ਬੇਗੈਰਤ ਹੋ ਉਡਾਰੀ ਮਾਰ ਚੁੱਕੀ ਹੈ? ਆਪਣੇ ਹੱਕਾਂ ਨੂੰ ਘਰ ਦੇ ਚੁੱਲੇ ਉੱਤੇ ਸਿਰਫ਼ ਦਾਲ਼ ਰੋਟੀ ਬਣਾਉਣ ਦੀ ਖਾਤਰ ਫੂਕ ਕੇ ਪੰਜ ਸਾਲ ਹੋਰ ਗੁਲਾਮੀ ਗਲ਼ ਪਾਉਣ ਲਈ ਯੋਧਿਆਂ ਦੀ ਕੌਮ ਮਜਬੂਰ ਕਿਓਂ ਹੋ ਗਈ ਹੈ?
ਬੜੇ ਸਵਾਲ ਨੇ ਪੰਜਾਬ ਦੀ ਧਰਤੀ ਲਈ ਹੱਥ ਪੈਰ ਮਾਰ ਰਹੇ ਮੇਰੇ ਜ਼ਹਿਨ ਦੀ ਤਸਵੀਰ ਤੇ ਉੱਕਰੇ ਹੋਏ ਅੱਜ ਦੀ ਤਾਰੀਖ ਵਿੱਚ!
ਕਿਓਂ ਹੋ ਰਿਹਾ ਏ ਸਭ? ਕਿਓਂ?
ਕਿੰਨਾ ਵੀ ਪਾਸਾ ਮੋੜੀਏ ਅੱਜ ਦੇ ਵਰਤਾਰੇ ਤੋਂ ਪਰ ਫਿਰ ਵੀ ਸਾਡੇ ਆਪਣੇ ਵਸਦੇ ਨੇ ਸਾਡੇ ਪੰਜਾਬ ਦੀ ਧਰਤੀ ਤੇ! ਜਿਹਨਾਂ ਦੀ ਖਾਤਰ ਦਰਦ ਦਿਲੋ ਦਿਮਾਗ ਵਿੱਚ ਸਵਾਲਾਂ ਦੇ ਜਾਲ਼ ਵਿਛਾਉਂਦਾ ਨਜ਼ਰ ਆਉਂਦਾ ਏ!
ਪਰ ਖੈਰ ਪੰਜਾਬ ਦੇ ਸ਼ਾਇਦ ਥੋੜੇ ਨਹੀਂ ਤਾਂ ਸਗੋਂ ਸਾਰੇ ਲੋਕ ਹੀ ਅੱਜ ਟੀਵੀ ਤੇ ਭੰਗੜੇ ਪਾਉਂਦੇ ਦਿਸਦੇ ਹਨ। ਲੋਕਤੰਤਰ ਜਿੱਤ ਗਿਆ ਹੈ? ਸ਼ਾਇਦ ਇਸ ਦੀ ਖੁਸ਼ੀ ਮਨਾਉਂਦੇ ਹੋਣ ਪਰ ਲੋਕਤੰਤਰ ਜਿਹਨਾਂ ਨਾਮੁਰਾਦ ਬੀਮਾਰੀਆਂ ਨਾਲ਼ ਖੋਖਲਾ ਹੋ ਚੁੱਕਿਆ ਹੈ ਸ਼ਾਇਦ ਲੋਕਾਂ ਨੂੰ ਜਿੱਤ ਦੇ ਨਿਸ਼ਾਨ ਬਣਾਉਂਦਿਆਂ ਨੂੰ ਅੱਜ ਦਿਸ ਨਹੀਂ ਰਹੀਆਂ!!

ਰੱਬ ਖੈਰ ਕਰੇ........ ਕਿਹੜਾ ਰੱਬ, ਜਿਹੜਾ ਕਦੋਂ ਦਾ ਭੱਜ ਚੁੱਕਿਆ ਹੈ ਪੰਜਾਬ ਦੀ ਧਰਤੀ ਤੋਂ.......

............ਛੱਡ ਦੇ 'ਕੰਗ' ਹੁਣ ਭਾਵੁਕ ਹੋਣਾ, ਗੀਤ ਸੁਖਨ ਦੇ ਗਾਇਆ ਕਰ
ਮਰੇ ਜ਼ਮੀਰਾਂ ਵਾਲੜਿਆਂ ਨੂੰ, ਬਹੁਤਾ ਨਾ ਹੁਣ ਚਾਹਿਆ ਕਰ........

30.3.10

ਝਾਂਜਰਾਂ ਦੇ ਬੋਲ - ਰਾਣਾ ਗਿੱਲ (ਪੰਜਾਬੀ ਗੀਤਾਂ ਦੀ ਐਲਬਮ)"ਝਾਂਜਰਾਂ ਦੇ ਬੋਲ" ਐਲਬਮ "COSMO ROYALz MUSIC Entertainment" ਦੁਆਰਾ ਭਾਰਤ ਵਿੱਚ ਬੜੇ ਜੋਸ਼ ਨਾਲ਼ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਐਲਬਮ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਰ ਵਰਗ ਦੇ ਸਰੋਤਿਆਂ ਦੀ ਪਸੰਦ ਦਾ ਧਿਆਨ ਰੱਖਦਿਆਂ ਹੋਇਆਂ ਗੀਤਾਂ ਦੀ ਚੋਣ ਕੀਤੀ ਗਈ ਹੈ।
"ਰਾਣਾ ਗਿੱਲ" ਪੰਜਾਬੀ ਸੰਗੀਤ ਵਿੱਚ ਉੱਭਰਦਾ ਹੋਇਆ ਬਹੁਤ ਹੀ ਸੁਰੀਲਾ ਕਲਾਕਾਰ ਹੈ। ਰਾਣਾ ਗਿੱਲ ਦੀ ਇਹ ਪੰਜਾਬੀ ਦੀ ਪਲੇਠੀ ਪੇਸ਼ਕਸ਼ ਹੈ। ਇਸ ਐਲਬਮ ਵਿੱਚ ਨੌਂ ਗੀਤ ਹਨ, ਜਿਨ੍ਹਾਂ ਦਾ ਸੰਗੀਤ ਦਿਨੇਸ਼, ਵਿਕਰਮ ਨਾਗੀ ਅਤੇ ਨਸੀਬ ਦੁਆਰਾ ਤਿਆਰ ਕੀਤਾ ਗਿਆ ਹੈ। ਗੀਤਾਂ ਦੀ ਵੀਡੀਓਜ਼ ਗੁਰਚਰਨ ਵਿਰਕ ਦੁਆਰਾ ਤਿਆਰ ਕੀਤੀ ਗਈ ਹੈ। ਚਰਨ ਠਾਕੁਰ ਜੀ ਹੋਰਾਂ ਨੇ ਆਪਣੀ ਕੰਪਨੀ ਕੌਸਮੋ ਰੋਇਲਜ਼ ਇੰਟਰਟੇਨਮਿੰਟ ਦੇ ਬੈਨਰ ਹੇਠ ਇਸ ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਕੀਤਾ ਹੈ।
ਨੌਂ ਗੀਤਾਂ ਵਿੱਚੋਂ ਪੰਜ ਗੀਤ ਰਾਣਾ ਗਿੱਲ ਦੀ ਕਲਮ ਦਾ ਕਮਾਲ ਹੈ, ਇਕ ਗੀਤ ਪੰਜਾਬੀ ਫੋਕ ਵਿੱਚੋਂ ਲਿਆ ਗਿਆ ਹੈ, ਰਾਣਾ ਗਿੱਲ ਦੁਆਰਾ ਇਸ ਗੀਤ ਵਿੱਚ ਬਹੁਤ ਹੀ ਮਿੱਠੀਆਂ ਮਿੱਠੀਆਂ ਬੋਲੀਆਂ ਪਰੋਈਆਂ ਗਈਆਂ ਹਨ ਅਤੇ ਬਾਕੀ ਤਿੰਨ ਗੀਤ ਕਮਲ ਕੰਗ ਦੀ ਕਲਮ 'ਚੋਂ ਜਨਮੇਂ ਹਨ।
ਇਸ ਐਲਬਮ ਵਿੱਚ ਭੰਗੜਾ ਗੀਤ (ਬੀਟ), ਪਿਆਰ ਮੁਹੱਬਤ, ਉਦਾਸ ਟੱਚ ਅਤੇ ਸੰਸਾਰਕ ਪੱਧਰ ਤੇ ਉਪਜੀ ਸੋਚ ਦਾ ਸਰੋਤੇ ਅਨੰਦ ਮਾਣ ਸਕਣਗੇ।
ਗੁਜਾਰਸ਼ ਹੈ ਕਿ ਅਸਲੀ ਐਲਬਮ ਹੀ ਖਰੀਦੋ। ਮਿਹਰਬਾਨੀ ਹੋਵੇਗੀ।
ਹੋਰ ਜਾਣਕਾਰੀ ਲਈ ਪਧਾਰੋ @ WWW.RANAGILL.NET
ਸ਼ੁਕਰੀਆ!!

26.1.10

ਗਣਤੰਤਰ ਦਿਵਸ ਤੇ ਵਿਸ਼ੇਸ਼......

ਦਿੱਲੀਏ ਨੀ ਦਿਲ ਤੇਰਾ, ਪਾਪਾਂ ਨਾਲ਼ ਭਰਿਆ,
ਸਾਨੂੰ ਚੇਤਾ, ਜੋ ਜੋ ਸਾਡੇ ਨਾਲ਼ ਹੈ ਤੂੰ ਕਰਿਆ
ਹਰ ਹੱਕ ਸਾਡਾ ਤੂੰ ਤਾਂ, ਪੈਰਾਂ 'ਚ ਲਤਾੜਿਆ,
ਸਾਨੂੰ ਕਦੀ ਭਾਰਤ ਦਾ, ਅੰਗ ਨਾ ਤੂੰ ਜਾਣਿਆ
ਲੁੱਟ ਲੁੱਟ ਖਾਈ ਜਾਵੇਂ, ਤੂੰ ਤਾਂ ਸਾਡਾ ਚੰਮ ਨੀ
ਕਰਤਾ ਪੰਜਾਬ ਨੀ ਤੂੰ, ਹਰ ਪੱਖੋਂ ਨੰਗ ਨੀ
ਡੇਰੇ ਵੀ ਬਣਾ ਛੱਡੇ, ਪਿੰਡ ਪਿੰਡ ਰੰਨੇ ਨੀ
ਹਰ ਸਾਧ ਤੇਰੀ ਕਹਿੰਦੇ, ਲੱਤ ਥੱਲੋਂ ਲੰਘੇ ਨੀ
ਰੋਲ਼ 'ਤੀ ਜਵਾਨੀ ਤੂੰ ਤਾਂ, ਨਸ਼ਿਆਂ ਦੇ ਵਿੱਚ ਨੀ
ਜਾਣਦੇ ਨਾ ਤੇਰੇ ਮਿੱਤ, ਸਾਨੂੰ ਹੁਣ ਟਿੱਚ ਨੀ
ਆਉਂਦੀ ਏ ਸ਼ਰਮ 'ਕੰਗ', ਆਖੋ ਨਾ ਅਜ਼ਾਦ ਹਾਂ
ਘਰੋਂ ਦੂਰ ਬੈਠੇ ਹੋਏ, ਅਸੀਂ ਬਰਬਾਦ ਹਾਂ
ਅਸੀਂ ਬਰਬਾਦ ਹਾਂ,,,,,,,,,

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...