6.3.12

ਪੰਜਾਬ ਚੋਣਾਂ...........ਕੀ ਕਹਿੰਦੀਆਂ ਨੇ ?

ਪੰਜਾਬ ਦੀ ਕਹਿ ਲਓ ਜਾਂ ਪੰਜਾਬ ਦੇ ਲੋਕਾਂ ਦੀ, ਦੋਵਾਂ ਲਈ ਬੜੀ ਮੰਦਭਾਗੀ ਹੋਣੀ ਵਰਤੀ ਹੈ। ਕੀ ਹੋ ਗਿਆ ਏ ਲੋਕਾਂ ਦੀ ਅਣਖ ਨੂੰ? ਕਿਓਂ ਵਿਕ ਜਾਂਦੇ ਨੇ ਲੋਕ ਹਰ ਵਾਰ? ਸਿਰਫ਼ ਆਟੇ, ਦਾਲ਼, ਬਿਜਲੀ ਆਦਿ ਵਸਤਾਂ ਮੁਫ਼ਤ ਲੈਣ ਲਈ ਲੋਕ ਆਪਣਾ ਜ਼ਮੀਰ ਵੇਚ ਦਿੰਦੇ ਨੇ,  ਇਹ ਸ਼ੇਰਾਂ ਦੀ ਕੌਮ ਨਹੀਂ ਅਕ੍ਰਿਤ ਘਣਾਂ ਦੀ ਕੌਮ ਬਣਦੀ ਜਾ ਰਹੀ ਹੈ। ਜੋ ਗੁੰਡਾਗਰਦੀ, ਚੋਰ ਬਜਾਰੀ, ਬੇਈਮਾਨੀ, ਨਸ਼ਾਖੋਰੀ, ਅਨਪੜ੍ਹਤਾ ਅਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਅਣਗਿਣਤ ਆਫਤਾਂ ਪੰਜਾਬ ਦੀ ਧਰਤੀ ਤੇ ਵਧਾਉਣ ਲਈ ਜਿੰਮੇਵਾਰ ਬਣਦੀ ਅੱਜ ਪ੍ਰਤੱਖ ਨਜ਼ਰ ਆ ਰਹੀ ਹੈ।
ਪੰਜਾਬ ਕੁੱਟ ਖਾਣ ਦਾ ਆਦੀ ਕਿਓਂ ਹੋ ਗਿਆ ਹੈ? ਕੀ ਪੰਜਾਬੀਆਂ ਦੇ ਸੁਭਾਅ 'ਚੋਂ ਗੈਰਤ ਬੇਗੈਰਤ ਹੋ ਉਡਾਰੀ ਮਾਰ ਚੁੱਕੀ ਹੈ? ਆਪਣੇ ਹੱਕਾਂ ਨੂੰ ਘਰ ਦੇ ਚੁੱਲੇ ਉੱਤੇ ਸਿਰਫ਼ ਦਾਲ਼ ਰੋਟੀ ਬਣਾਉਣ ਦੀ ਖਾਤਰ ਫੂਕ ਕੇ ਪੰਜ ਸਾਲ ਹੋਰ ਗੁਲਾਮੀ ਗਲ਼ ਪਾਉਣ ਲਈ ਯੋਧਿਆਂ ਦੀ ਕੌਮ ਮਜਬੂਰ ਕਿਓਂ ਹੋ ਗਈ ਹੈ?
ਬੜੇ ਸਵਾਲ ਨੇ ਪੰਜਾਬ ਦੀ ਧਰਤੀ ਲਈ ਹੱਥ ਪੈਰ ਮਾਰ ਰਹੇ ਮੇਰੇ ਜ਼ਹਿਨ ਦੀ ਤਸਵੀਰ ਤੇ ਉੱਕਰੇ ਹੋਏ ਅੱਜ ਦੀ ਤਾਰੀਖ ਵਿੱਚ!
ਕਿਓਂ ਹੋ ਰਿਹਾ ਏ ਸਭ? ਕਿਓਂ?
ਕਿੰਨਾ ਵੀ ਪਾਸਾ ਮੋੜੀਏ ਅੱਜ ਦੇ ਵਰਤਾਰੇ ਤੋਂ ਪਰ ਫਿਰ ਵੀ ਸਾਡੇ ਆਪਣੇ ਵਸਦੇ ਨੇ ਸਾਡੇ ਪੰਜਾਬ ਦੀ ਧਰਤੀ ਤੇ! ਜਿਹਨਾਂ ਦੀ ਖਾਤਰ ਦਰਦ ਦਿਲੋ ਦਿਮਾਗ ਵਿੱਚ ਸਵਾਲਾਂ ਦੇ ਜਾਲ਼ ਵਿਛਾਉਂਦਾ ਨਜ਼ਰ ਆਉਂਦਾ ਏ!
ਪਰ ਖੈਰ ਪੰਜਾਬ ਦੇ ਸ਼ਾਇਦ ਥੋੜੇ ਨਹੀਂ ਤਾਂ ਸਗੋਂ ਸਾਰੇ ਲੋਕ ਹੀ ਅੱਜ ਟੀਵੀ ਤੇ ਭੰਗੜੇ ਪਾਉਂਦੇ ਦਿਸਦੇ ਹਨ। ਲੋਕਤੰਤਰ ਜਿੱਤ ਗਿਆ ਹੈ? ਸ਼ਾਇਦ ਇਸ ਦੀ ਖੁਸ਼ੀ ਮਨਾਉਂਦੇ ਹੋਣ ਪਰ ਲੋਕਤੰਤਰ ਜਿਹਨਾਂ ਨਾਮੁਰਾਦ ਬੀਮਾਰੀਆਂ ਨਾਲ਼ ਖੋਖਲਾ ਹੋ ਚੁੱਕਿਆ ਹੈ ਸ਼ਾਇਦ ਲੋਕਾਂ ਨੂੰ ਜਿੱਤ ਦੇ ਨਿਸ਼ਾਨ ਬਣਾਉਂਦਿਆਂ ਨੂੰ ਅੱਜ ਦਿਸ ਨਹੀਂ ਰਹੀਆਂ!!

ਰੱਬ ਖੈਰ ਕਰੇ........ ਕਿਹੜਾ ਰੱਬ, ਜਿਹੜਾ ਕਦੋਂ ਦਾ ਭੱਜ ਚੁੱਕਿਆ ਹੈ ਪੰਜਾਬ ਦੀ ਧਰਤੀ ਤੋਂ.......

............ਛੱਡ ਦੇ 'ਕੰਗ' ਹੁਣ ਭਾਵੁਕ ਹੋਣਾ, ਗੀਤ ਸੁਖਨ ਦੇ ਗਾਇਆ ਕਰ
ਮਰੇ ਜ਼ਮੀਰਾਂ ਵਾਲੜਿਆਂ ਨੂੰ, ਬਹੁਤਾ ਨਾ ਹੁਣ ਚਾਹਿਆ ਕਰ........

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...