29.10.07

ਵੇਖ ਮਾਇਆ ਦੇ ਕਾਰੇ ਬੰਦਿਆ-ਕਮਲ ਕੰਗ

ਗੱਲ ਵੈਨਕੂਵਰ ਦੇ ਇਲਾਕੇ/ਏਰੀਏ ਦੀ ਹੈ। ਹੋਇਆ ਇੰਝ ਕਿ ਆਪਣੇ ਆਪ ਨੂੰ ਇੱਕ ਪਾਠੀ ਸਿੰਘਾਂ ਦੀ ਏਜੰਸੀ ਦੇ ਕਾਰਕੁਨ ਦੱਸਣ ਵਾਲੇ ਤਿੰਨ ਸਿੰਘਾਂ ਵਲੋਂ ਰਿੱਚਮੰਡ ਇਲਾਕੇ ‘ਚ ਅਖੰਡ ਪਾਠ ਦਾ ਭੋਗ ਪਾਇਆ ਗਿਆ। ਭੋਗ ਤੋਂ ਪਹਿਲਾਂ ਉਹ ਸਿੰਘ ਬੜੇ ਦਮਗਜੇ ਮਾਰਦੇ ਰਹੇ, ਘਰ ਦਿਆਂ ਕੋਲ ਕਿ “ਅਸੀਂ ਗੁਰਦੁਆਰਿਆਂ ਦੇ ਭਾਈਆਂ ਵਰਗੇ ਨਹੀਂ ਹਾਂ, ਜਿਹੜੇ ਐਂਵੇ ਹੀ ਕਿਸੇ ਦੇ ਅਖੰਡ ਪਾਠ ਕਰਨ ਗਏ ਘਰ ਵਾਲਿਆਂ ਨੂੰ ਤੰਗ ਕਰਦੇ ਰਹਿੰਦੇ ਨੇ, ਕਿ ਭਾਈ ਆਹ ਲਿਆਓ ਤੇ ਆਹ ਨਾ ਲਿਆਓ।” ਉਹ ਆਪਣੀ ਵਡਿਆਈ ਦੇ ਆਪੇ ਈ ਪੁਲ਼ ਬੰਨੀ ਜਾਂਦੇ ਸੀ। ਤੇ ਹੋਰਨਾਂ ਪਾਠੀ ਸਿੰਘਾਂ ਤੇ ਤਵਾ ਲਾਈ ਜਾਂਦੇ ਸੀ। ਫਿਰ ਘਰ ਵਾਲਿਆਂ ਨੇ ਸੇਵਾ ਵਾਰੇ ਪੁੱਛਿਆ ਤਾਂ ਕਹਿੰਦੇ “ਬੱਸ ਦੁੱਧ ਨੂੰ ਚੰਗੀ ਪੱਤੀ ਲਾ ਕੇ, ਮਿੱਠਾ ਥੋੜਾ ਪਾ ਕੇ ਤੇ ਘਿਓ ਬਹੁਤਾ ਪਾ ਕੇ ਨਾਲ ਤਿੰਨ ਕੁ ਪੌਂਡ ਸੁੱਕੇ ਮੇਵੇ ਹੋਣ। ਬਾਕੀ ਸਾਨੂੰ ਕੁਝ ਨਹੀਂ ਚਾਹੀਦਾ ਤੇ ਹਾਂ, ਹੋਰ ਬੱਸ ਸਿਰਫ ਤਿੰਨ ਵੇਲੇ ਸਾਡੀ ਮਰਜ਼ੀ ਦਾ ਪ੍ਰਸ਼ਾਦਾ ਹੋਵੇ। ਬੱਸ ਇੰਨਾ ਕੁ ਕਰ ਦਿਓ ਤੇ ਨਾਲੇ ਸਬਜ਼ੀ ‘ਚ ਵੀ ਦੇਸੀ ਘਿਓ ਜਰੂਰ ਪਾਇਓ।”
ਘਰ ਵਾਲਿਆਂ ਨੇ ਪਾਠੀ ਸਿੰਘਾਂ ਦੀ ਬੜੀ ਸੇਵਾ ਕੀਤੀ। ਖੁਸ਼ ਕਰ ਦਿੱਤੇ ਇੱਕ ਵਾਰੀ ਤਾਂ। ਜਿਸ ਦਿਨ ਅਖੰਡ ਪਾਠ ਦਾ ਭੋਗ ਪਿਆ ਅਤੇ ਉਹਨਾਂ ਨੇ ਆਪਣੀ ਗੱਡੀ ‘ਚ ਆਪਣੇ ਸੰਦ ਸਮੇੜੇ ਸਾਂਭੇ (ਵਾਜੇ ਤੇ ਤਬਲਾ ਆਦਿਕ) ਤੇ ਘਰ ਵਾਲਿਆਂ ਨੂੰ ਫਤਿਹ ਬੁਲਾ ਕੇ ਤੁਰਨ ਲੱਗੇ ਲੱਗੇ ਪਰ ਉੱਥੇ ਈ ਘਰ ਦੇ ਮੂਹਰੇ ਖੜੀ ਗੱਡੀ ‘ਚ ਬਹਿੰਦੇ ਬਹਿੰਦੇ ਆਪਸ ‘ਚ ਫਸ ਪਏ। ਘਰ ਵਾਲਿਆਂ ਨੇ ਨੇੜੇ ਜਾ ਕੇ ਵੇਖਿਆ ਕਿ ਜਿਹੜੇ ਉਹਨਾਂ ਨੂੰ ਮਾਇਆ ਦੇ ਗੱਫੇ ਮਿਲੇ ਸੀ, ਉਹ ਉਨ੍ਹਾਂ ਗੱਫਿਆਂ ਦੀ ਵੰਡ ਦੇ ਤਾਣੇ ਬਾਣੇ ‘ਚ ਉਲਝੇ ਇੱਕ ਦੂਜੇ ਨੂੰ ਤੱਤੀਆਂ ਤੱਤੀਆਂ ਸੁਣਾ ਰਹੇ ਸੀ। ਘਰ ਵਾਲਿਆਂ ਨੂੰ ਵੇਖਦਿਆਂ ਹੀ, ਉਹ ਨਵੀਂ ਬਣੀ ਏਜੰਸੀ ਦੇ ਕਰਿੰਦੇ ਪਾਠੀ ਸਿੰਘ ਸ਼ਰਮਿੰਦੇ ਜਿਹੇ ਹੋਏ ਫਿਰ ਉੱਥੋਂ ਛੇਤੀਂ ਛੇਤੀਂ ਛੂ-ਮੰਤਰ ਹੋ ਗਏ। ਵੇਖਣ ਵਾਲਿਆਂ ਦੇ ਮੂੰਹੋ ਮੱਲੋ ਮੱਲੀ ਨਿਕਲ ਗਿਆ ਕਿ
ਵੇਖ ਮਾਇਆ ਦੇ ਕਾਰੇ ਬੰਦਿਆ, ਵੇਖ ਮਾਇਆ ਦੇ ਕਾਰੇ’।

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...