15.1.08

ਤਰਕਸ਼ੀਲ/taraksheel......

ਤਰਕਸ਼ੀਲ ਸੋਸਾਇਟੀ ਆਫ ਇੰਡੀਆ:
ਸਮਾਜਿਕ ਚੇਤਨਾ ਲਈ ਤਰਕਸ਼ੀਲ ਆਪਣੇ ਤੌਰ ਤੇ ਅਣਥੱਕ ਮਿਹਨਤ ਕਰ ਰਹੇ ਹਨ। ਤਰਕਸ਼ੀਲ ਸੋਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਮੇਘ ਰਾਜ ਮਿੱਤਰ 'ਤਰਕਸ਼ੀਲ ਸੋਸਾਇਟੀ' ਦੇ ਜਨਮਦਾਤਾ ਹਨ। ੧੫ ਤੋਂ ਵੱਧ ਕਿਤਾਬਾਂ ਦੇ ਲੇਖਕ ਵੀ ਹਨ। ਅੰਧ ਵਿਸ਼ਵਾਸ਼ਾਂ ਦੀ ਗਹਿਰੀ ਧੁੰਦ 'ਚੋਂ ਲੋਕਾਂ ਨੂੰ ਬਾਹਰ ਕੱਢਣ ਦਾ ਜਤਨ ਕਰ ਰਹੇ ਹਨ। ਭਾਰਤ ਵਿੱਚ ਹਰ ਪੰਧ 'ਤੇ ਅੰਧ ਵਿਸ਼ਵਾਸ਼ਾਂ ਦੇ ਡੂੰਘੇ ਡੂੰਘੇ ਟੋਏ ਪੱਟਣ ਵਾਲੇ ਬੈਠੇ ਹਨ। ਇਸ ਤਰਾਂ ਦੇ ਮਾਹੌਲ ਵਿੱਚ ਤਰਕਸ਼ੀਲ ਸੋਸਾਇਟੀ ਦੇ ਕੰਮਾਂ ਦੀ ਦਾਦ ਦੇਣੀ ਬਣਦੀ ਹੈ। ਪੰਜਾਬੀ, ਭਾਰਤੀ ਜਿੱਥੇ ਵੀ ਗਏ ਹਨ, ਨਾਲ ਹੀ ਆਪਣਾ ਸਭ ਕੁਝ, ਚੰਗਾ ਮੰਦਾ ਵੀ ਲੈ ਕੇ ਗਏ ਹਨ। ਕਨੇਡਾ, ਇੰਗਲੈਂਡ, ਅਮਰੀਕਾ ਆਦਿ ਦੀ ਹੀ ਜੇ ਗੱਲ ਕਰੀਏ ਤਾਂ ਇੱਕੀਵੀਂ ਸਦੀ ਦੇ ਮੀਡੀਏ ਵਿੱਚ ਅੰਧ ਵਿਸ਼ਵਾਸ਼ਾਂ ਨੂੰ ਫੈਲਾਉਣ ਵਾਲਿਆਂ ਦੇ ਇਸ਼ਤਿਹਾਰ ਵੇਖ/ਸੁਣ/ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹਨਾਂ ਪੱਛਮੀ ਮੁਲਕਾਂ ਵਿੱਚ ਵਸਣ ਵਾਲੇ ਭਾਰਤੀ ਵੀ ਇਨ੍ਹਾਂ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਆਏ ਦਿਨ ਕੋਈ ਨਾ ਕੋਈ ਅਖੌਤੀ ਸਾਧ/ਸਾਨ੍ਹ, ਪਖੰਡੀ ਜੋਤਸ਼ੀ, ਕਾਲੀਆਂ ਚਿੱਟੀਆਂ ਕੰਬਲੀਆਂ ਵਾਲੇ, ਕਾਲੇ ਚਿੱਟੇ ਜਾਦੂ ਵਾਲੇ ਕੋਈ ਨਾ ਕੋਈ ਕਾਰਾ ਕਰ ਕੇ ਅਖ਼ਬਾਰਾਂ ਦੀ ਸੁਰਖੀ ਬਣੇ ਹੀ ਰਹਿੰਦੇ ਹਨ। ਲੋਕ ਲੁੱਟਣ ਵਾਲਿਆਂ ਕੋਲ ਜਾ ਜਾ ਕੇ ਖੁਦ ਫਸਦੇ ਹਨ, ਵੱਡੀ ਠੱਗੀ ਦੇ ਸ਼ਿਕਾਰ ਰੌਲ਼ਾ ਪਾਉਂਦੇ ਹਨ ਜਦ ਕਿ ਛੋਟੀ ਠੱਗੀ ਦੇ ਸ਼ਿਕਾਰ ਚੁੱਪ-ਚਾਪ ਹੋਰ ਕਮਾਈ ਕਰਨ ਦੇ ਆਹਰ ਵਿੱਚ ਜੁੱਟ ਜਾਂਦੇ ਹਨ। ਕਨੇਡਾ ਵਿੱਚ ਵੀ ਤਰਕਸ਼ੀਲ ਸੋਸਾਇਟੀ ਦੇ ਸਿਧਾਤਾਂ ਤੇ ਪਹਿਰਾ ਦੇਣ ਵਾਲੇ ਆਪਣਾ ਕੰਮ ਕਰ ਰਹੇ ਹਨ। ਪ੍ਰਚਾਰ ਦੀ ਵੀ ਕੋਈ ਘਾਟ ਨਹੀਂ ਰਹਿਣ ਦੇ ਰਹੇ। ਸਮਾਗਮ ਕਰ ਕੇ ਲੋਕਾਂ ਵਿੱਚ ਸੁਚੇਤ ਹੋਣ ਦੀ ਮਸ਼ਾਲ ਜਗਾ ਰਹੇ ਹਨ। ਲੋਕ ਲਹਿਰ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਦੇ ਕਾਰਜਾਂ ਦੀ ਸ਼ਲਾਘਾ ਵੀ ਕਾਫੀ ਹੁੰਦੀ ਹੈ। ਪਰ ਲੋਕ ਇਨ੍ਹਾਂ ਨਾਲ ਜੁੜ ਨਹੀਂ ਰਹੇ। ਲੋਕ ਥੋੜੀ ਦੇਰ ਲਈ ਯਾਦਦਾਸ਼ਤ ਨੂੰ ਸਥਿਰ ਰੱਖਦੇ ਹਨ, ਬਾਅਦ ਵਿੱਚ ਭੁੱਲ ਜਾਂਦੇ ਹਨ। ਕਾਰਨ ਸ਼ਾਇਦ ਕਈ ਹੋਣ ਪਰ ਇੱਥੇ ਜੋ ਕਾਰਨ ਮੇਰੇ ਦਿਮਾਗ ਵਿੱਚ ਆਇਆ ਹੈ, ਉਸ ਵਾਰੇ ਗੱਲ ਕਰਾਂਗਾ।
ਕਾਰਨ-ਧਰਮ:

ਧਰਮ ਦੇ ਖਿਲਾਫ਼ ਤਰਕਸ਼ੀਲਾਂ ਦੀ ਬੇਲੋੜੀ ਬਹਿਸ ਹੀ ਬਹੁਤ ਵੱਡਾ ਅਤੇ ਸੰਵੇਦਨਸ਼ੀਲ ਕਾਰਨ ਹੈ ਕਿ ਲੋਕ ਇਨ੍ਹਾਂ ਨਾਲ ਜੁੜਨ ਤੋਂ ਕੰਨੀਂ ਕਤਰਾਅ ਰਹੇ ਹਨ। ਲੋਕ ਇਨ੍ਹਾਂ ਦੀਆਂ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ। ਜਦੋਂ ਵੀ ਲੋਕ ਇਨ੍ਹਾਂ ਤੋਂ ਧਰਮਾਂ ਦੇ ਮਾਮਲੇ ਵਿੱਚ ਸਵਾਲ ਜਵਾਬ ਕਰਦੇ ਹਨ ਉਦੋਂ ਹੀ ਗੱਲ ਹੋਰ ਰਸਤੇ ਪੈ ਜਾਂਦੀ ਹੈ। 'ਹਰ ਕੋਈ ਮੈਂ ਨਾ ਮਾਨੂੰ ਵਾਲੀ ਸਥਿਤੀ ਤੇ ਆ ਕੇ ਖਲੋਅ ਜਾਂਦਾ ਹੈ ਅਤੇ ਸੱਚ ਛੁਪ ਜਾਂਦਾ ਹੈ ਝੂਠ ਕੋਠੇ ਚੜ੍ਹ ਜਾਂਦਾ ਹੈ!
ਤਰਕ ਦੀ ਮੂਰਤ:
ਬਾਬੇ ਨਾਨਕ ਦੇਵ ਜੀ ਨੇ ਜਦੋਂ ਇਸ ਜੱਗ ਵਿੱਚ ਪੈਰ ਰੱਖਿਆ ਤਾਂ ਹਰ ਪਾਸੇ ਕੂੜ ਦਾ ਪ੍ਰਸਾਰ ਸੀ। ਅੱਜ ਵੀ ਓਸੇ ਤਰਾਂ ਹੀ ਹੈ। ਲੋਕ ਪਾਖੰਡਾਂ ਦੀ ਦਲਦਲ ਵਿੱਚ ਧਸੇ ਹੋਏ ਸਨ। ਤਕੜਾ ਮਾੜੇ ਦੀ ਲੁੱਟ ਕਰ ਰਿਹਾ ਸੀ। ਸਮਾਜਕ ਤਾਣਾ ਬਾਣਾ ਉਲਝਿਆ ਹੋਇਆ ਸੀ, ਗਰੀਬ, ਅਮੀਰ ਦੇ ਪੈਰ ਦੀ ਜੁੱਤੀ ਬਣਿਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਨੇ ਹੋਰ ਦੁਨੀਆਂ ਦੇ ਵੱਡੇ ਵੱਡੇ ਧਰਮਾਂ ਤੋਂ ਵੱਖਰੀ ਗੱਲ ਕੀਤੀ, ਲੋਕਾਂ ਨੂੰ ਆਪਣੇ ਸੱਚ ਦੇ ਪੰਥ ਨਾਲ ਜੋੜਿਆ। ਜੋੜਿਆ ਏਸ ਤਰਾਂ ਕਿ ਉਨ੍ਹਾਂ ਦੇ ਅੰਧ ਵਿਸ਼ਵਾਸ਼ ਨੂੰ ਵਿਸ਼ਵਾਸ਼ ਵਿੱਚ ਬਦਲ ਕੇ। ਲੋਕਾਂ ਨੂੰ ਤਰਕ ਨਾਲ, ਦਲੀਲ ਨਾਲ ਕਰਮਕਾਡਾਂ 'ਚੋਂ ਕੱਢਣ ਦੀ ਸਫਲ ਕੋਸ਼ਿਸ਼ ਕੀਤੀ। (ਪਰ ਅੱਜ ਉਨ੍ਹਾਂ ਦੇ ਵਿਚਾਰਾਂ ਨੂੰ, ਸਿਧਾਤਾਂ ਨੂੰ ਕਈ ਲੋਕ ਆਪਣੇ ਫ਼ਾਇਦੇ ਲਈ ਵਰਤ ਰਹੇ ਹਨ ਜਿਸ ਕਰਕੇ ਸਭ ਕੁਝ ਗੰਧਲ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ) ਬਾਬੇ ਨਾਨਕ ਦੇਵ ਜੀ ਵਾਂਗ ਲੋਕਾਂ ਨੂੰ ਨਾਲ ਲੈ ਕੇ ਬਿਨਾਂ ਉਨ੍ਹਾਂ ਦੇ ਅਕੀਦੇ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਪਹੁੰਚਾਏ ਲੋਕ ਲਹਿਰ ਸਿਰਜੀ ਜਾ ਸਕਦੀ ਹੈ। ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ, ਜੇ ਰਸਤਾ ਠੀਕ ਹੋਵੇ!
ਅੰਤਿਕਾ:
ਜਿਨ੍ਹਾਂ ਲੋਕਾਂ ਲਈ ਤਰਕਸ਼ੀਲ ਕੰਮ ਕਰ ਰਹੇ ਹਨ ਉਨ੍ਹਾਂ ਦੇ ਸਾਥ ਤੋਂ ਬਿਨਾਂ ਜਾਗਰਤੀ ਆਉਣੀ ਨਾ-ਮੁਮਕਿਨ ਹੈ। ਲੋਕਾਂ ਨੂੰ ਅੰਧ ਵਿਸ਼ਵਾਸ਼ ਦੇ ਖਿਲਾਫ਼, ਲੁੱਟ ਦੇ ਖਿਲਾਫ਼, ਸ਼ੋਸ਼ਣ ਦੇ ਖਿਲਾਫ਼ ਲਾਮਬੰਦ ਕਰਨਾ ਧਰਮਾਂ ਦੇ ਨਾਲ ਰਲ਼ ਕੇ ਹੀ ਕੀਤਾ ਜਾ ਸਕਦਾ ਹੈ। ਧਰਮ ਇਨਸਾਨੀਅਤ ਦਾ ਵੀ ਹੁੰਦਾ ਹੈ। ਸਾਰੇ ਧਰਮ ਗੱਲ ਹੀ ਇਨਸਾਨੀਅਤ ਦੀ ਕਰਦੇ ਹਨ। ਪਰ ਧਰਮਾਂ ਦੇ ਚੌਧਰੀ ਧਰਮ ਦੀ ਪਰਿਭਾਸ਼ਾ ਨੂੰ ਬਦਲਣ ਵਿੱਚ ਸਫ਼ਲ ਰਹੇ ਨੇ ਅਤੇ ਉਨ੍ਹਾਂ ਨੂੰ ਜੇ ਕੋਈ ਰੋਕਣ ਵਿੱਚ ਸਫ਼ਲ ਹੋ ਸਕਦਾ ਹੈ ਤਾਂ ਤਰਕਸ਼ੀਲ ਜਥੇਬੰਦੀ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ!!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...