29.1.08

ਵਰਤਮਾਨ.....

ਵਰਤਮਾਨ ਵਿੱਚ ਜੀਣਾ ਕਿੰਨਾ ਔਖਾ ਹੈ? ਅਸੀਂ ਹਰ ਪਲ ਜਾਂ ਤਾਂ ਭਵਿੱਖ ਵਿੱਚ ਜੀਂਦੇ ਹਾਂ ਜਾਂ ਫਿਰ ਭੂਤਕਾਲ ਵਿੱਚ। ਵਰਤਮਾਨ ਵਿੱਚ ਸ਼ਾਇਦ ਹੀ ਕੋਈ ਜੀਂਦਾ ਹੋਵੇ?
ਮਨ ਨੂੰ ਟਿਕਾਉਣਾ ਵਰਤਮਾਨ ਹੋ ਸਕਦਾ ਹੈ। ਪਰ ਮਨ ਕਿਵੇਂ ਟਿਕਾਇਆ ਜਾਵੇ? ਮਨ ਭੱਜਣ ਦਾ ਆਦੀ ਹੋ ਚੁੱਕਾ ਹੈ, ਦੌੜਨ ਵਿੱਚ ਮਸਤ ਰਹਿੰਦਾ ਹੈ। ਨਾ ਰਾਤ ਵੇਖਦਾ ਹੈ ਨਾ ਦਿਨ। ਨਾ ਮਾੜਾ ਸਮਾਂ ਵੇਖਦਾ ਹੈ ਨਾ ਚੰਗਾ ਸਮਾਂ। ਨੌਨ ਸਟੌਪ ਬਿਨਾਂ ਬਰੇਕੋਂ ਰੋਡਵੇਜ਼ ਦੀ ਬੱਸ ਵਾਂਗ ਰੂਹਾਂ ਦੀ ਭਰੀ ਹੋਈ ਦੁਨੀਆਂ ਵਿੱਚ ਸਾਹੋ-ਸਾਹੀ ਹੋਇਆ ਬੱਸ ਸਿਰਫ ਤੇ ਸਿਰਫ ਦੌੜ ਰਿਹਾ ਹੈ।
ਅੱਜ ਮੈਂ ਇਕ ਪਲ ਲਈ ਸੋਚਿਆ ਕਿ ਇਸ ਨੂੰ ਰੋਕਿਆ ਜਾਵੇ, ਪਰ ਮੇਰੇ ਤਾਂ ਵੱਸੋਂ ਬਾਹਰ ਦੀ ਗੱਲ ਹੋ ਨਿਬੜੀ। ਪਾਣੀ ਵਗਦਾ ਹੋਇਆ ਕਹਿੰਦੇ ਹੁੰਦੇ ਹਨ ਕਿ ਸਾਫ ਰਹਿੰਦਾ ਹੈ, ਮਨ ਵੀ ਸ਼ਾਇਦ ਚਲਦੇ ਪਾਣੀ ਵਰਗਾ ਹੀ ਹੋਵੇ। ਜੇ ਰੋਕਿਆ ਤਾਂ ਕਿਤੇ ਖੜੋਤ ਵਿੱਚ ਆ ਕੇ ਆਪਣੀ ਤਾਸੀਰ ਨਾ ਖਰਾਬ ਕਰ ਬੈਠੇ? ਖਿਆਲੀ ਗੱਲਾਂ ਨਾਲ ਪਰਚਿਆ ਰਹਿੰਦਾ ਇਹ ਮਨ ਚੰਚਲ ਹੋ ਜਾਂਦਾ ਏ ਕਦੀ ਕਦੀ। ਇਹਦੀ ਚੰਚਲਤਾ ਠਹਿਰਾਓ ਨਾਲ ਕਿਤੇ ਨਸ਼ਟ ਨਾ ਹੋ ਜਾਵੇ? ਜੇ ਮਨ ਹੀ ਨਸ਼ਟ ਹੋ ਗਿਆ ਤਾਂ ਸਰੀਰ ਵਿੱਚ ਬਚਿਆ ਕੀ?
ਰੂਹ ਸ਼ਾਇਦ ਬਚ ਜਾਏਗੀ, ਰੂਹ ਮੇਰੇ ਖਿਆਲ ਵਿੱਚ ਹਵਾ ਦਾ ਹੀ ਰੂਪ ਹੈ। ਹਵਾ ਜੇ ਹਵਾ ਹੋ ਗਈ ਫਿਰ ਵਰਤਮਾਨ ਨੂੰ ਕਿਵੇਂ ਮਾਣਿਆ ਜਾ ਸਕਦਾ ਹੈ।
ਸ਼ਬਦ, ਅੱਖਰ, ਕੀਬੋਰਡ, ਕੰਪਿਊਟਰ, ਸਕਰੀਨ, ਮਾਊਸ, ਮੈਂ, ਇਹ ਕਮਰਾ, ਇਹ ਸ਼ੋਰ, ਇਹ ਟਿਕ ਟਿਕ, ਇਹ ਸਭ ਕੁਝ......
ਸਭ ਵਰਤਮਾਨ ਹੀ ਤਾਂ ਹੈ!
ਮੈਂ ਸੋਚਦਾ ਹਾਂ.....
ਮੈਂ ਵਰਤਮਾਨ ਵਿੱਚ ਹੀ ਤਾਂ ਜੀਂਦਾ ਹਾਂ, ਨਹੀਂ ਤਾਂ ਮੈਂ ਇੱਥੇ ਕਿਵੇਂ ਹੋ ਸਕਦਾ ਸੀ?
ਵਰਤਮਾਨ ਬੜਾ ਪਿਆਰਾ ਹੈ,
ਇਸ ਦਾ ਬੜਾ ਸਹਾਰਾ ਹੈ।

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...