13.2.08

ਮਾਂ ਬੋਲੀ ਤੋਂ ਕਿਨਾਰਾਕਸ਼ੀ.....

'ਸੀਰਤ' ਪਰਚੇ ਵਾਰੇ ਆਪਣੇ ਦੋਸਤ ਨਾਲ ਪੰਜਾਬ ਵਿੱਚ ਗੱਲ ਕਰਦਾਂ ਹਾਂ।
ਉਸਨੂੰ ਪਰਚੇ ਨੂੰ ਪ੍ਰਾਪਤ ਕਰਨ ਲਈ ਆਖਦਾ ਹਾਂ।
ਉਹ ਪਹਿਲਾਂ ਇਕ ਸ਼ਹਿਰ ਵਿੱਚ ਕਿਤਾਬਾਂ ਦੀ ਦੁਕਾਨ ਤੇ ਜਾ ਕੇ ਪਤਾ ਕਰਦਾ ਹੈ, ਜਵਾਬ ਮਿਲਦਾ ਹੈ ਪੰਜਾਬੀ ਪਰਚੇ/ਮੈਗਜ਼ੀਨ ਅਸੀਂ ਮੰਗਾਉਂਦੇ ਨਹੀਂ।
ਦੂਜੀ ਵਾਰ ਉਹ ਆਪਣੇ ਕਾਲਜ ਦੀ ਲਾਇਬਰੇਰੀ ਵਿੱਚ ਜਾ ਕੇ ਲਾਇਬਰੇਰੀਅਨ ਤੋਂ 'ਸੀਰਤ' ਵਾਰੇ ਪੁੱਛਦਾ ਹੈ, ਜਵਾਬ ਫਿਰ ਓਹੀ ਕਿ ਪੰਜਾਬੀ ਦੇ ਮੈਗਜ਼ੀਨ ਉਸ ਸਿੱਖਾਂ ਦੇ ਮਸ਼ਹੂਰ ਕਾਲਜ ਵਿੱਚ ਆਉਂਦੇ ਹੀ ਨਹੀਂ ਜਾਂ ਉਹ ਮੰਗਵਾਉਂਦੇ ਹੀ ਨਹੀਂ ਜਾਂ ਪੜ੍ਹਨ ਵਾਲੇ ਹੀ ਨਹੀਂ?
------------------
ਪਤਾ ਨਹੀਂ ਰੱਬ ਜਾਣੇ ਕਿਹੜੀ ਗੱਲ ਹੈ? ਪੰਜਾਬ ਵਿੱਚ ਪੰਜਾਬੀ ਬੋਲਣਾ ਹੁਣ ਬਹੁਤ ਲੋਕ ਸ਼ਰਮਨਾਕ ਸਮਝਦੇ ਹਨ। ਕਾਲਜਾਂ ਵਿੱਚ ਬਹੁਤੇ ਲੈਕਚਰਾਰ ਹਿੰਦੀ ਜਾਂ ਅੰਗਰੇਜ਼ੀ ਬੋਲਣ ਨੂੰ ਤਰਜੀਹ ਦਿੰਦੇ ਹਨ। ਸ਼ਹਿਰੀ ਆਬਾਦੀ ਦਾ ਬਹੁਤ ਹਿੱਸਾ ਹਿੰਦੀ ਬੋਲਣ ਵਿੱਚ ਮਾਣ ਮਹਿਸੂਸ ਕਰਦਾ ਹੈ, ਸਾਡੇ ਅਖੌਤੀ ਲੀਡਰ ਬਿਜਲਈ ਮੀਡੀਏ ਉੱਪਰ ਹਿੰਦੀ ਵਿੱਚ ਗੱਲਬਾਤ ਕਰਦੇ ਅਸੀਂ ਆਮ ਵੇਖੀਦੇ ਹਨ।
------------------
ਇਹ ਹੋ ਕੀ ਰਿਹਾ ਹੈ? ਬਾਹਰਲੇ ਮੁਲਕਾਂ ਵਿੱਚ ਵਸਦੇ ਮੇਰੇ ਵਰਗੇ ਹੋਰ ਵੀ ਕਈ ਪੰਜਾਬੀ ਸ਼ਾਇਦ ਇਸ ਵਾਰੇ ਸੋਚਦੇ ਹੋਣਗੇ। ਅਸੀਂ ਬਾਹਰਲੇ ਮੁਲਕਾਂ ਵਿੱਚ ਵਸਦੇ ਹੋਏ ਵੀ ਹਰ ਵੇਲੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਤਤਪਰ ਰਹਿੰਦੇ ਹਾਂ ਜਦੋਂ ਕਿ ਪੰਜਾਬ ਵਿੱਚ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹ ਕੇ ਆਪਣੀ ਮਾਤ ਭਾਸ਼ਾ ਤੋਂ ਕਿਨਾਰਾ ਕਰ ਰਹੇ ਹਨ।
------------------
ਸ਼ਹਿਦ ਵਰਗੀ ਮਿੱਠੀ ਬੋਲੀ ਤੋਂ ਉਸਦੇ ਹੀ ਪੁੱਤ ਇਸ ਤਰਾਂ ਮੁੱਖ ਮੋੜ ਜਾਣਗੇ ਸ਼ਾਇਦ 'ਪੰਜਾਬੀ' ਨੇ ਕਦੇ ਇਸਦਾ ਅਹਿਸਾਸ ਵੀ ਨਹੀਂ ਕੀਤਾ ਹੋਣਾ!
ਕੁਝ ਸਵਾਲ ਪਾਠਕਾਂ ਦੀ ਕਚਿਹਰੀ ਵਿੱਚ:
ਕੀ ਪੰਜਾਬ ਵਿੱਚ ਕੋਈ ਮਿਆਰੀ ਮੈਗਜ਼ੀਨ ਛਪਦਾ ਹੀ ਨਹੀਂ, ਜੋ ਆਪਣੇ ਪਾਠਕ ਪੈਦਾ ਕਰ ਸਕੇ? ਜਾਂ ਕਿ ਲੋਕ ਪੰਜਾਬੀ ਨੂੰ ਪੜ੍ਹਨਾ ਹੀ ਨਹੀਂ ਚਾਹੁੰਦੇ?
ਕੀ ਪੰਜਾਬ ਦੀਆਂ ਸਰਕਾਰਾਂ ਦਾ ਇਸ ਵਾਰੇ ਕੋਈ ਫਰਜ਼ ਨਹੀਂ ਬਣਦਾ? (ਸਰਕਾਰਾਂ? ਇਹਨਾਂ ਦਾ ਤਾਂ ਵੈਸੇ ਆਪਣਾ ਘਾਪਾ ਹੀ ਪੂਰਾ ਨਹੀਂ ਹੁੰਦਾ, ਇਹਨਾਂ ਨੇ ਕਿਸੇ ਦੀ ਮਾਂ ਬੋਲੀ ਵਾਰੇ ਕੀ ਸੋਚਣਾ ਹੋਇਆ? ਚਲੋ ਇਹਨਾਂ ਦੀ ਮਜਬੂਰੀ ਤਾਂ ਸਮਝ ਪੈਂਦੀ ਹੈ!)
ਕੀ ਸਾਹਿਤ ਸਿਰਜਣਾ ਵਿੱਚ ਕੋਈ ਕਮੀ ਹੈ ਕਿ ਪੰਜਾਬ ਦੇ ਲੋਕ ਪੰਜਾਬੀ ਸਾਹਿਤ ਤੋਂ ਮੁੱਖ ਮੋੜ ਰਹੇ ਹਨ?
ਕੀ ਪੰਜਾਬੀ ਮਾਂ ਬੋਲੀ ਨੂੰ ਆਪਣੀ ਕਹਿਣ ਵਿੱਚ ਹੁਣ ਸਾਨੂੰ ਸ਼ਰਮ ਮਹਿਸੂਸ ਹੋਣ ਲੱਗ ਪਈ ਹੈ?
ਕੀ ਪੰਜਾਬ ਦੀ ਧਰਤੀ ਦਾ ਨਾਮ ਵੀ ਕਦੇ ਬਦਲ ਦਿੱਤਾ ਜਾਵੇਗਾ?
ਕੀ ਪੰਜਾਬ ਨਾਲ ਧਰੋਹ ਕਮਾ ਰਹੇ ਲੋਕਾਂ ਦਾ ਵੀ ਕਦੇ ਕੁਝ ਕੀਤਾ ਜਾਏਗਾ?
ਕੀ ਲੋਕ ਸੱਚ ਨੂੰ ਸੱਚ ਕਹਿਣ ਦੀ ਕਦੇ ਹਿੰਮਤ ਨਹੀਂ ਕਰਨਗੇ?
ਕੀ ਕੀ ਕੀ ਅਤੇ ਕੀ..............?
ਹਵਾ ਵਿੱਚ ਤੜਫਦੇ ਕੁਝ ਸਵਾਲ...

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...