31.12.07

ਨਵਾਂ ਸਾਲ ਮੁਬਾਰਕ?

ਨਵਾਂ ਸਾਲ ਮੁਬਾਰਕ ਕਹਿਣ ਲਈ ਦਿਲ ਤਾਂ ਨਹੀਂ ਕਰਦਾ ਪਰ ਲੋਕ ਲਾਜ ਲਈ ਕਹਿਣਾ ਪੈਂਦਾ ਹੈ ਨਾ ਚਾਹੁੰਦੇ ਹੋਏ ਵੀ ਮੈਨੂੰ! ਯਾਰਾਂ ਦੋਸਤਾਂ ਨੂੰ ਈ ਮੇਲਾਂ ਭੇਜ ਭੇਜ ਕੇ ਨਵਾਂ ਸਾਲ ਮੁਬਾਰਕ ਕਹਿ ਵੀ ਚੁੱਕਾ ਹਾਂ। ਪਰ ਇੱਥੇ ਇਸ ਬਲੌਗ ਵਿੱਚ ਰਿਹਾ ਹੀ ਨਹੀਂ ਜਾਂਦਾ, ਦਿਲ ਦੀ ਗੱਲ ਕਰਨ ਤੋਂ ਮੈਥੋਂ! ਪਤਾ ਨਹੀਂ ਕਿਉਂ ਮੇਰਾ ਦਿਲ ਵੀ ਰੱਬ ਨੇ ਦੂਸਰਿਆਂ ਵਰਗਾ ਬਣਾਇਆ?
ਸੋਚਣ ਵਾਲੀ ਗੱਲ ਹੈ ਕਿ ਕੀ ਸਾਡਾ ਹਰ ਦਿਨ ਹੀ ਨਵੇਂ ਸਾਲ ਵਰਗਾ ਨਹੀਂ ਹੋ ਸਕਦਾ? ਹੋ ਸਕਦਾ ਹੈ ਜੇ ਸਭ ਕੁਝ ਠੀਕ ਠਾਕ ਹੋਵੇ ਇਸ ਸੰਸਾਰ ਵਿੱਚ। ਕਿਤੇ ਖੂਨ ਨਾ ਡੁਲ੍ਹਿਆ ਹੋਵੇ, ਕਿਤੇ ਕੋਈ ਲਾਸ਼ ਨਾ ਸੜਦੀ ਹੋਵੇ, ਕਿਤੇ ਕਿਸੇ ਨਾਲ ਧੱਕਾ ਨਾ ਹੋ ਰਿਹਾ ਹੋਵੇ, ਕਿਤੇ ਕਿਸੇ ਦਾ ਹੱਕ ਨਾ ਮਾਰਿਆ ਜਾ ਰਿਹਾ ਹੋਵੇ, ਕਿਤੇ ਕਿਸੇ ਜੀਵ ਤੇ ਉਸ ਦੀ ਇੱਛਾ ਦੇ ਉਲਟ ਕੁਝ ਵੀ ਵੱਧ ਘੱਟ ਨਾ ਹੋ ਰਿਹਾ ਹੋਵੇ.......(ਬਹੁਤ ਕੁਝ ਕਿਹਾ ਜਾ ਸਕਦਾ ਹੈ ਇੱਥੇ)
ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਕੀ ਅੱਜ ਨਵੇਂ ਸਾਲ ਨੂੰ ਜਿੱਥੇ ਕੁਝ ਲੋਕ ਪਾਰਟੀਆਂ ਕਰ ਕੇ, ਜੈਕਾਰੇ ਗੁੰਜਾਅ ਕੇ, ਪੂਜਾ ਆਦਿ ਕਰ ਕੇ, ਨੱਚ ਗਾ ਕੇ, ਸ਼ਰਾਬਾਂ ਪੀ ਕੇ, ਪਤਾ ਨਹੀਂ ਕੀ ਕੀ ਕਰ ਕੇ ਚੜ੍ਹਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ, ਐਨ ਓਸੇ ਹੀ ਦੁਨੀਆਂ ਵਿੱਚ ਕਈ ਲੋਕ ਜਾਨਾਂ ਤੋਂ ਹੱਥ ਧੋ ਰਹੇ ਹਨ, ਖੂਨ ਵਹਾ ਰਹੇ ਹਨ ਰੋਟੀ ਦੀ ਬੁਰਕੀ ਖਾਤਿਰ......
ਨਿਰਾਸ਼ਤਾ ਨੂੰ ਆਸ ਦੀ ਕਿਰਨ ਹੀ ਦੂਰ ਕਰ ਸਕਦੀ ਹੈ। ਆਸ ਜ਼ਿੰਦਗੀ ਦਾ ਦੂਸਰਾ ਨਾਮ ਹੈ, 'ਰੱਬ' ਅੱਗੇ, 'ਕੁਦਰਤ' ਅੱਗੇ ਦੁਆ ਕਰਦਾ ਹਾਂ ਕਿ 'ਸਭ' ਲਈ ਹਰ ਦਿਨ 'ਨਵੇਂ ਸਾਲ' ਵਰਗਾ ਬਣ ਜਾਵੇ, ਹਰ ਕਿਸੇ ਨੂੰ ਜ਼ਿੰਦਗੀ ਜੀਣ ਲਈ ਮਿਲੇ, ਪਿਆਸ ਨੂੰ ਪਾਣੀ ਮਿਲੇ, ਭੁੱਖੇ ਨੂੰ ਰੋਟੀ ਮਿਲੇ, ਮਰਦੇ ਹੋਏ ਨੂੰ ਸਾਹ ਮਿਲੇ!!!
ਅੰਤਿਕਾ:
ਬੰਦਾ ਆਪਣਾ ਫ਼ਰਜ਼ ਪਛਾਣੇ,
ਹਰ ਇਕ ਨੂੰ ਹੀ ਆਪਣਾ ਜਾਣੇ।
ਆਮੀਨ!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...