11.1.08

ਸ਼ਹੀਦ ਮੇਵਾ ਸਿੰਘ....

ਸ਼ਹੀਦਾਂ ਦੀਆਂ ਕੁਰਬਾਨੀਆਂ ਅੱਗੇ ਹਮੇਸ਼ਾਂ ਕਦਰਦਾਨਾਂ ਦੇ ਸਿਰ ਝੁਕਦੇ ਹਨ ਅਤੇ ਸਿਰ ਝੁਕਦੇ ਹਨ ਓਹਨਾਂ ਦੇ ਸਿਧਾਤਾਂ ਅੱਗੇ, ਵਿਚਾਰਾਂ ਅੱਗੇ।
ਸ਼ਹੀਦ ਮੇਵਾ ਸਿੰਘ ਕਨੇਡਾ ਦੀ ਧਰਤੀ ਤੇ ਅਣਖ ਲਈ ਕੁਰਬਾਨ ਹੋਇਆ ਓਹ ਪੰਜਾਬੀ ਸੂਰਮਾ ਸੀ ਜਿਸ ਨੇ ਆਪਣੀ ਕੌਮ ਖਾਤਰ ਨਿਆਂ ਲੈਣ ਲਈ ਇਕ ਨਸਲਵਾਦੀ ਗੋਰੇ ਹੌਪਕਿਨਸਨ ਨੂੰ ੨੧ ਅਕਤੂਬਰ ੧੯੧੪ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਭਾਈ ਮੇਵਾ ਸਿੰਘ ਨੇ ਹੌਪਕਿਨਸਨ ਨੂੰ ਕਿਸੇ ਜਾਤੀ ਦੁਸ਼ਮਣੀ ਲਈ ਗੋਲੀ ਨਹੀਂ ਸੀ ਮਾਰੀ ਸਗੋਂ ਆਪਣੇ ਦੇਸ਼-ਵਾਸੀਆਂ ਲਈ ਅਤੇ ਕਨੇਡਾ ਦੇਸ਼ ਦੀ ਅਖੰਡਤਾ ਲਈ ਮਾਰੀ ਸੀ।
ਪਿੰਡ ਲੋਪੋਕੇ ਵਾਸੀ ਸ਼ਹੀਦ ਭਾਈ ਮੇਵਾ ਸਿੰਘ ਨੇ ਜਨਵਰੀ ੧੧ , ੧੯੧੫ ਨੂੰ ਨਿਊਵੈਸਟ ਸ਼ਹਿਰ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਸੀ। ਸ਼ਹੀਦ ਮੇਵਾ ਸਿੰਘ ਨੂੰ ਯਾਦ ਕਰਦਿਆਂ ਅੱਜ ਸਾਨੂੰ ਪੰਜਾਬੀ ਹੋਣ ਤੇ ਅਤੇ ਕਨੇਡਾ ਦੀ ਧਰਤੀ ਵਿਚਰਦਿਆਂ ਬਹੁਤ ਮਾਣ ਮਹਿਸੂਸ ਹੁੰਦਾ ਹੈ।
ਪਰ ਅੱਜ ਵੀ ਇੱਥੇ ਕਨੇਡਾ ਵਿੱਚ ਹੌਪਕਿਨਸਨ ਵਰਗੇ, ਬੇਲਾ ਸਿੰਘ ਗਦਾਰ (ਬੇਲਾ ਸਿੰਘ ਗਦਾਰ ਅੰਗਰੇਜ਼ ਅਫਸਰ ਹੌਪਕਿਨਸਨ ਲਈ ਮੁਖ਼ਬਰੀ ਦਾ ਕੰਮ ਕਰਦਾ ਸੀ, ਬੇਲਾ ਸਿੰਘ ਗਦਾਰ ਨੇ ਵੈਨਕੂਵਰ ਦੇ ਗੁਰਦੁਆਰੇ ਵਿੱਚ ਜਾ ਕੇ ਗ੍ਰੰਥੀ ਸਿੱਖ ਭਾਈ ਭਾਗ ਸਿੰਘ ਅਤੇ ਭਾਈ ਵਤਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਬੇਲਾ ਸਿੰਘ ਭਾਰਤ ਵਿੱਚ ਮਿੰਟਗੁਮਰੀ ਦੇ ਇਲਾਕੇ ਵਿੱਚ ਅੰਗਰੇਜ਼ ਸਰਕਾਰ ਤੋਂ ੫ ਮੁਰੱਬੇ ਜਮੀਨ ਦੇ ਇਨਾਮ ਵਿੱਚ ਪ੍ਰਾਪਤ ਕਰਕੇ ਵਸਣ ਲੱਗ ਪਿਆ ਸੀ। ਬੇਲਾ ਸਿੰਘ ਗਦਾਰ ਨੇ ਭਾਰਤ ਵਿੱਚ ਵੀ ਆਪਣੀਆਂ ਸਰਗਰਮੀਆਂ ਦੇਸ਼ ਭਗਤਾਂ ਦੇ ਵਿਰੁੱਧ ਜਾਰੀ ਰੱਖੀਆਂ। ਇਸ ਕਰਕੇ ਬੇਲਾ ਸਿੰਘ ਤੋਂ ਬਦਲਾ ਲੈਣ ਲਈ ਗਦਰ ਲਹਿਰ ਦੇ ਸੇਵਕਾਂ ਈਸਰ ਸਿੰਘ ਜੰਡੋਲੀ, ਇੰਦਰ ਸਿੰਘ ਮੁਰਾਰੀ ਅਤੇ ਬਾਬਾ ਹਰੀ ਸਿੰਘ ਨੇ ਜਿਆਨ (ਬੇਲਾ ਸਿੰਘ ਦਾ ਪਿੰਡ) ਪੁੱਜ ਕੇ ਬੇਲਾ ਸਿੰਘ ਨੂੰ ਬੱਸ ਅੱਡੇ ਤੋਂ ਬੱਸ ਤੋਂ ਉਤਰ ਕੇ ਆਉਂਦੇ ਨੂੰ ਰਸਤੇ ਵਿਚ ਘੇਰ ਕੇ ਪਾਰ ਬੁਲਾ ਦਿੱਤਾ।) ਵਰਗੇ ਬਹੁਤ ਹਨ।
ਸ਼ਾਇਦ ਭਾਈ ਮੇਵਾ ਸਿੰਘ ਵਰਗਾ ਕੋਈ ਵੀ ਨਹੀਂ!
ਇੱਥੇ ਇਹ ਜਰੂਰ ਕਹਾਂਗਾ ਕਿ ਅੱਜ ਦਾ ਜਮਾਨਾ ਲੜਾਈ ਝਗੜੇ ਦੇ ਹੱਕ ਵਿੱਚ ਨਹੀਂ ਹੈ। ਹਰ ਮਸਲਾ ਆਖਰ ਗੱਲਬਾਤ ਤੇ ਆਕੇ ਹੀ ਖਤਮ ਹੁੰਦਾ ਹੈ।
ਇੰਨਾ ਹੀ ਬਹੁਤ ਹੈ ਜੇ ਸਾਡੇ ਆਪਣੇ 'ਬੇਲਾ ਸਿੰਘ' ਬਣਨੋਂ ਹੀ ਹਟ ਜਾਣ।
ਸ਼ਹੀਦ ਭਾਈ ਮੇਵਾ ਸਿੰਘ ਬੇਸ਼ੱਕ ਨਾ ਬਣਨ!

1 comment:

ਕਾਵਿ-ਕਣੀਆਂ said...

ਤਰਵਿੰਦਰ ਉੱਭੀ ਵਲੋਂ ਈਮੇਲ ਦੇ ਜਰੀਏ ਭੇਜਿਆ ਗਿਆ ਸੁਨੇਹਾ-ਇਹ ਬਲੌਗ ਪੜ੍ਹ ਕੇ ਜਿਥੇ ਖੁਸ਼ੀ ਹੁੰਦੀ ਹੈ, ਉਥੇ ਨਿਰਾਸ਼ਤਾ ਏਸ ਗੱਲ ਦੀ ਕਿ ਇਹਨਾਂ ਬਾਰੇ ਪਾਠਕਾਂ ਨੇ ਕੋਈ ਟਿਪਣੀ ਕਿਉਂ ਨਹੀਂ ਕੀਤੀ। ਕੋਈ ਅਪਣੇ ਵਿਚਾਰ ਕਿਉਂ ਨਹੀਂ ਦੇ ਰਿਹਾ।

1) ਕੀ ਲੋਕ ਇਸ ਨੂੰ ਪੜ੍ਹਦੇ ਨਹੀਂ ਹਨ?
2) ਜੇ ਪੜ੍ਹਦੇ ਹਨ, ਤਾਂ ਕੀ ਉਹਨਾਂ ਦਾ ਮਨ ਟਿਪਣੀ ਕਰਨ ਨੂੰ ਨਹੀਂ ਕਰਦਾ?
3) ਕੀ ਉਹ ਪੰਜਾਬੀ ਟਾਈਪ ਕਰਨ ‘ਚ ਅਸਮਰਥ ਹਨ?

ਆਖਰ ਕੀ ਗੱਲ ਹੈ, ਕਿ ਜਿਹੜੇ ਸਵਾਲ ਕਮਲ ਉਠਾ ਰਿਹਾ, ਉਹਨਾਂ ਦੇ ਜਵਾਬ ਕੋਈ ਕਿਉਂ ਨਹੀਂ ਦਿੰਦਾ। ਏਸ ਬਾਰੇ ਸਾਨੂੰ ਸੋਚਣ ਦੀ ਲੋੜ ਹੈ।

ਤੁਸੀਂ ਅਪਣੇ ਟੌਪਿਕ ਨੂੰ ਗੋਲ ਮੋਲ ਨਾ ਕਰੋ। ਕਿਉਂਕਿ ਵੈਬ ‘ਚ ਇਹ ਨਹੀਂ ਪਤਾ ਕਿ ਕੌਣ ਕਿਥੇ ਰਹਿੰਦਾ ਪੜ੍ਹ ਰਿਹਾ। ਮਿਸਾਲ ਦੇ ਤੌਰ ‘ਤੇ ਤੁਸੀਂ ਇਹ ਤਾਂ ਦੱਸ ਦਿਤਾ ਕਿ ਸ਼ਹੀਦ ਮੇਵਾ ਸਿੰਘ ਕੌਣ ਹੈ, ਪਰ ਮੈਨੂੰ ਇਹ ਪਤਾ ਨਹੀਂ ਲੱਗਾ ਕਿ ਬੇਲਾ ਸਿੰਘ ਕੌਣ ਸੀ? ਕੋਸਿ਼ਸ਼ ਕਰੋ ਕਿ ਪਹਿਲੇ ਪਹਿਰੇ ਵਿਚ ਸੰਖੇਪ ‘ਚ ਮਸਲੇ ਬਾਰੇ ਪਾਠਕਾਂ ਨੂੰ ਜਾਣੂ ਕਰਵਾ ਦੇਵੋ। ਦੂਜੇ ਪਹਿਰੇ ‘ਚ ਤੁਸੀਂ ਅਪਣੀ ਟਿਪਣੀ ਜਾਂ ਸਵਾਲ ਕਰੋ।

ਦੂਜੀ ਗੱਲ ਇਹ ਕਿ ਸਾਡੇ ਲੋਕ ਹਾਲੇ ਕਵਿਤਾਵਾਂ ਵਾਲੀਆਂ ਬਲੋਗਜ਼ ਪੜ੍ਹ ਕੇ, ਕਵਿਤਾ ਦੀ ਵਾਹ-ਵਾਹ ਕਰਨ ਦੇ ਆਦੀ ਹਨ।

ਅਜਿਹੇ ਗੰਭੀਰ ਮਸਲਿਆਂ ਬਾਰੇ ਟਿਪਣੀਆਂ ਕਰਨ ਦੀ ਆਦਤ ਹੌਲੀ ਹੌਲੀ ਬਣੇਗੀ।

ਪਰ ਤੁਸੀਂ ਅਪਣੀ ਕੋਸਿ਼ਸ਼ ਜਾਰੀ ਰੱਖੋ। ਉਮੀਦ ਹੈ, ਤੁਹਾਡੇ ਏਸ ਤਜ਼ਰਬਾ ਸਫ਼ਲ ਹੋਵੇਗਾ ਤੇ ਪੰਜਾਬੀ ਬਲੌਗ ਵਰਲਡ ਵਿਚ ਤਰਥੱਲੀ ਮਚਾਵੇਗੀ।

ਏਸ ਨੂੰ ਸਫ਼ਲ ਕਰਨ ਲਈ ਮੇਰਾ ਸਹਿਯੋਗ ਤੁਹਾਨੂੰ ਮਿਲਦਾ ਰਹੇਗਾ।
(ਪਿਆਰੇ ਤਰਵਿੰਦਰ ਜੀ, ਬੇਲਾ ਸਿੰਘ ਗਦਾਰ ਵਾਰੇ ਵੀ ਜਾਣਕਾਰੀ ਪਾ ਦਿੱਤੀ ਗਈ ਹੈ। ਬਹੁਤ ਬਹੁਤ ਧੰਨਵਾਦ ਤੁਹਾਡੇ ਮਹੱਤਵਪੂਰਨ ਵਿਚਾਰਾਂ ਲਈ-ਕਮਲ ਕੰਗ)

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...