21.2.08

ਕੁੜੀਮਾਰਾਂ ਦੀ ਕੌਮ-ਪੰਜਾਬੀ?

ਸਮੱਸਿਆ:
ਪੰਜਾਬੀਆਂ ਨੂੰ ਕੁੜੀਮਾਰਾਂ ਦੀ ਕੌਮ ਕਹਿਣਾ ਕਿੰਨਾ ਕੁ ਜਾਇਜ਼ ਹੈ ਇਸ ਦਾ ਅੰਦਾਜ਼ਾ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਦੇ ਮੱਦੇਨਜ਼ਰ ਲਗਾਇਆ ਜਾ ਸਕਦਾ ਹੈ। ਭਾਰਤ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਇਕੱਤਰ ਕੀਤੇ ਹੋਏ ਅੰਕੜੇ ਦੱਸਦੇ ਹਨ ਕਿ ਬਹੁਤ ਫਰਕ ਪੈ ਗਿਆ ਹੈ ਅਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ। 2007 ਅਗਸਤ ਦੇ ਬੀ ਬੀ ਸੀ ਮੁਤਾਬਕ ਇੰਡੀਆ ਵਿੱਚ 927 ਕੁੜੀਆਂ ਪਿੱਛੇ 1000 ਮੁੰਡਿਆਂ ਦਾ ਅਨੁਪਾਤ ਹੈ। ਪਰ ਪੰਜਾਬ ਵਿੱਚ 798 ਕੁੜੀਆਂ ਦੇ ਅਨੁਪਾਤ ਵਿੱਚ 1000 ਮੁੰਡੇ ਹਨ।
ਕਨੇਡਾ ਵਰਗੇ ਵਿਕਸਤ ਪੱਛਮੀ ਮੁਲਕਾਂ ਵਿੱਚ ਵਸਦੇ ਰੂੜੀਵਾਦੀ ਲੋਕਾਂ ਕਰਕੇ ਇੱਥੇ ਵੀ ਇਹ ਸਭ ਹੋ ਰਿਹਾ ਹੈ, ਅਤੇ ਇਹ ਵੀ ਸੱਚ ਹੈ ਕਿ ਇਸ ਸਭ ਕੁਝ ਦਾ ਸਭ ਨੂੰ ਪਤਾ ਵੀ ਹੈ ਕਿ ਇਹ ਸਭ ਜ਼ੁਲਮ ਕਿਉਂ ਹੋ ਰਿਹਾ ਹੈ? ਪਰ ਜਦੋਂ ਲੋਕ ਗੱਲਾਂ ਕਰਦੇ ਹਨ ਤਾਂ ਸਾਰੇ ਇਹੋ ਹੀ ਸਮਝਦੇ ਹਨ ਕਿ ਅਸੀਂ ਤਾਂ ਠੀਕ ਹੀ ਹਾਂ, ਇਹ ਸਭ ਹੋਰ ਲੋਕਾਂ ਦੀ ਸਮੱਸਿਆ ਹੈ। ਪਰ ਜਾਣੇ ਅਣਜਾਣੇ ਵਿੱਚ ਕਸੂਰ ਸਾਡਾ ਸਾਰਿਆਂ ਦਾ ਹੀ ਹੈ।
ਪਤੀਆਂ ਹੱਥੋਂ ਪਤਨੀਆਂ ਦੇ ਕਤਲ, ਪਿਓਆਂ ਵਲੋਂ ਧੀਆਂ ਦੇ ਕਤਲ, ਮਾਵਾਂ ਵਲੋਂ ਅਣਜੰਮੀਆਂ ਧੀਆਂ ਦੇ ਕੁੱਖਾਂ ਵਿੱਚ ਕਤਲ...... ਪਤੀ, ਬਾਪ, ਮਾਂ ਦੇ ਰਿਸ਼ਤਿਆਂ 'ਚੋਂ ਕੌਣ ਬਚਿਆ ਹੈ ਜਿਹੜਾ ਕਹਿ ਸਕੇ ਕਿ ਮੈਂ ਕਸੂਰਵਾਰ ਨਹੀਂ ਹਾਂ? ਕਨੇਡਾ ਵਿੱਚ ਪਿਛਲੇ ਸਾਲ ਕਾਫੀ ਘਟਨਾਵਾਂ ਵਾਪਰੀਆਂ ਜਿਹਨਾਂ ਪਿੱਛੇ ਕੁਝ ਛੁਪੀਆਂ ਹੋਈਆਂ ਲਾਲਸਾਵਾਂ ਹੀ ਘਿਨਾਉਣਾ ਕੁਕਰਮ ਕਰ ਰਹੀਆਂ ਸਨ।
ਕਾਰਨ:
ਰੂੜੀਵਾਦੀ, ਪਿਛਾਂਹ-ਖਿੱਚੂ, ਦਕੀਆਨੂਸੀ, ਅਵਿਕਸਤ ਵਿਚਾਰ ਸਾਡੀ ਰੂਹ ਵਿੱਚ ਡੂੰਘੇ ਧਸੇ ਹੋਏ ਹਨ। ਕਿਸੇ ਦੇ ਘਰ ਕੁੜੀ ਜਨਮ ਲਵੇ ਸਹੀ, ਬੱਸ ਲੋਕ ਆਪਣੇ ਮਨ ਦਾ ਭਾਰ ਲਾਹੁਣਾ ਸ਼ੁਰੂ ਕਰ ਦਿੰਦੇ ਹਨ। ਜਿਸ ਦੇ ਘਰ ਧੀਅ ਨੇ ਜਨਮ ਲਿਆ ਹੋਵੇ, ਸ਼ਾਇਦ ਉਸ ਦੇ ਮਨ ਵਿੱਚ ਕੋਈ ਮਾੜਾ ਵਿਚਾਰ ਹੋਵੇ ਜਾਂ ਨਾ ਪਰ ਸਮਾਜ ਕਈ ਤਰਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ।......ਕਦੀ ਕਹੇਗਾ ਕਿ ਪੱਥਰ ਜੰਮ ਪਿਆ, ਕਦੀ ਕਹੇਗਾ ਕਿ ਚਲੋ ਕੋਈ ਨਹੀਂ ਪਰਮਾਤਮਾ ਅਗਲੀ ਵਾਰ ਮੁੰਡਾ ਦੇ ਦਊਗਾ, ਕਦੀ ਕਹੇਗਾ ਕਿ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਹੈ ਇਹ ਤਾਂ ਕੋਈ....। ਕਦੀ ਕੁਝ ਤੇ ਕਦੀ ਕੁਝ ਕਹੇਗਾ ਇਹ ਸਾਡਾ ਸਮਾਜ। ਜਿੰਨੇ ਮੂੰਹ ਉਨੀਆਂ ਹੀ ਗੱਲਾਂ ਵਾਲੀ ਗੱਲ ਬਣ ਕੇ ਰਹਿ ਜਾਂਦੀ ਹੈ। ਪਤਾ ਨਹੀਂ ਤਾਂ ਇਹ ਸਮਾਜ ਸਭ ਕੁਝ ਜਾਣ ਬੁੱਝ ਕੇ ਕਰਦਾ ਹੈ ਜਾਂ ਅਣਜਾਣੇ ਵਿੱਚ ਹੀ ਹੋ ਰਿਹਾ ਹੈ? ਪਰ ਹੁਣ ਦੇ ਜਮਾਨੇ ਵਿੱਚ ਇੰਨੀ ਜਾਗਰਤੀ ਦੇ ਬਾਵਜੂਦ ਕਈ ਲੋਕਾਂ ਦੀ ਪੁਰਾਣੀ, ਘਸੀ ਪਿਟੀ ਮਾਨਸਿਕਤਾ ਬਦਲਦੀ ਕਿਉਂ ਨਹੀਂ? ਅਸੀਂ ਆਪਣੇ ਆਪ ਨੂੰ ਅਗਾਂਹ ਵਧੂ ਸਾਬਤ ਕਰਨ ਦੀ ਕੋਸਿ਼ਸ਼ ਵੀ ਕਰਦੇ ਹਾਂ ਪਰ ਜਦੋਂ ਘਰ ਤੇ ਗੱਲ ਪੈਂਦੀ ਹੈ ਤਾਂ ਮੁੜ-ਘਿੜ ਕੇ ਖੋਤੀ ਬੋਹੜ ਹੇਠਾਂ ਕਿਉਂ ਆ ਜਾਂਦੀ ਹੈ, ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਬਹੁਤ ਵੱਡਾ ਸਵਾਲ ਜਿਉਂ ਦਾ ਤਿਉਂ ਹੀ ਖੜਾ ਰਹਿ ਜਾਂਦਾ ਹੈ ਕਿ ਆਖਰ ਕੀ ਗੱਲ ਹੈ ਕਿ ਅਸੀਂ ਬਦਲਦੇ ਸਮਾਜ ਨਾਲ ਆਪਣੀ ਸੋਚ ਨੂੰ ਕਿਉਂ ਨਹੀਂ ਬਦਲਨਾ ਚਾਹੁੰਦੇ?
ਕਈ ਮਾਪਿਆਂ ਲਈ ਸ਼ਾਇਦ ਧੀਆਂ ਬੋਝ ਹੁੰਦੀਆਂ ਹੋਣ, ਕਿਉਂਕਿ ਗਰੀਬ ਮਾਪੇ ਆਪਣੀ ਧੀਅ ਦੇ ਵਿਆਹ ਵਿੱਚ ਦਾਜ ਦੇ ਲੋਭੀਆਂ ਦਾ ਘਰ ਅਤੇ ਮੂੰਹ ਭਰਨ ਦੇ ਕਾਬਲ ਨਹੀਂ ਹੁੰਦੇ। ਇਸ ਲਈ ਉਹ ਜਨਮ ਤੋਂ ਪਹਿਲਾਂ ਹੀ ਧੀਅ ਦਾ ਕਤਲ ਕਰ ਦਿੰਦੇ ਹਨ ਜਾਂ ਕਈ ਵਾਰ ਜਨਮ ਤੋਂ ਬਾਅਦ ਵੀ ਕਤਲ ਕਰਨੋਂ ਨਹੀਂ ਜਰਕਦੇ। “ਬੀ ਬੀ ਸੀ ਮੁਤਾਬਕ ਭਾਰਤ ਵਿੱਚ ਇਕ ਵਿਅਕਤੀ ਨੂੰ ਜਦੋਂ ਇਸ ਸਬੰਧ ਵਿੱਚ ਪੁੱਛਿਆ ਗਿਆ ਤਾਂ ਉਸ ਦਾ ਉੱਤਰ ਸੀ ਕਿ 50000 ਜਾਂ ਇਸ ਤੋਂ ਵੱਧ ਪੈਸੇ ਵਿਆਹ ਤੇ ਖਰਚਣ ਨਾਲੋਂ ਚੰਗਾ ਹੈ ਕਿ ਗਰਭਪਾਤ ਉੱਪਰ 500 ਰੁਪਏ ਖਰਚ ਕੀਤੇ ਜਾਣ।”
ਹੋਰ ਕਾਰਨਾਂ ਵਿੱਚ ਜਿਵੇਂ ਕਿ ਸਮਾਜ ਵਿੱਚ ਔਰਤ ਅਤੇ ਮਰਦ ਦੀ ਬਰਾਬਰਤਾ ਦਾ ਨਾ ਹੋਣਾ ਵੀ ਹੈ, ਔਰਤ ਦੇ ਜਿਸਮਾਨੀ ਤੌਰ ਤੇ ਮਨੁੱਖ ਨਾਲੋਂ ਕਮਜੋਰ ਹੋਣ ਦਾ ਵੀ ਹੈ, ਔਰਤ ਵਾਰੇ ਪੁਰਾਣੀਆਂ ਰੀਤਾਂ ਮੁਤਾਬਕ ਅੰਧ-ਵਿਸ਼ਵਾਸ਼ ਵਾਂਗ ਸਦੀਆਂ ਤੋਂ ਚਲਦੇ ਆ ਰਹੇ ਅਪਮਾਨ ਦਾ ਵੀ ਹੈ, ਔਰਤ ਨੂੰ ਆਰਥਿਕ ਫਾਇਦੇ ਲਈ ਇਕ ਵਸਤੂ ਸਮਝ ਕੇ ਪ੍ਰਗਟਾਵਾ ਕਰਨਾ ਵੀ ਹੈ, ਔਰਤ ਨੂੰ ਮਨੋਰੰਜਨ ਦਾ ਸਾਧਨ ਸਮਝਣਾ ਵੀ ਹੈ, ਔਰਤ ਦਾ ਆਪਣੀ ਹੀ ਜਾਤੀ ਨਾਲ ਵੈਰ-ਵਿਰੋਧ ਨਾਲ ਪੇਸ਼ ਹੋਣਾ ਵੀ ਹੈ, ਬਦਲਦੀ ਦੁਨੀਆ ਵਿੱਚ ਔਰਤ ਨੂੰ ਵਪਾਰਕ ਵਸਤੂ ਵਾਂਗ ਪੇਸ਼ ਕਰਨਾ ਵੀ ਹੈ....(ਕਾਰਨ ਬੇਅੰਤ ਹਨ ਅਤੇ ਬਿਨਾਂ ਸ਼ੱਕ ਇਕੱਲਾ ਇਕੱਲਾ ਕਾਰਨ ਵਿਸਥਾਰ ਦੀ ਮੰਗ ਕਰਦਾ ਹੈ, ਇੱਥੇ ਸਿਰਫ ਇਸ਼ਾਰਾ ਹੀ ਜਰੂਰੀ ਹੈ।)
ਅੰਤਿਕਾ:
ਹਰ ਤਰਾਂ ਦਾ ਮੀਡੀਆ ਇਸ ਸਭ ਨੂੰ ਰੋਕਣ ਲਈ ਕਾਫੀ ਉੱਦਮ ਨਾਲ ਸ਼ਾਲਾਘਾਯੋਗ ਕਾਰਜ ਕਰ ਰਿਹਾ ਹੈ। ਜਦੋਂ ਕਿ ਘਟਨਾਵਾਂ ਵੀ ਲਗਾਤਾਰ ਬੇਰੋਕ-ਟੋਕ ਵਾਪਰ ਰਹੀਆਂ ਹਨ। ਸਾਨੂੰ ਹਰ ਵਕਤ ਆਪਣੇ ਪ੍ਰਤੀ, ਆਪਣੇ ਆਲੇ ਦੁਆਲੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਭ ਨੂੰ ਰਲ਼ ਮਿਲ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਹਰ ਜੀਵ ਨੂੰ ਇਨਸਾਨੀਅਤ ਦੇ ਨਾਤੇ ਧਰਤੀ ਤੇ ਰਹਿਣ ਦਾ ਹੱਕਦਾਰ ਸਮਝਣਾ ਚਾਹੀਦਾ ਹੈ। ਔਰਤ ਅਤੇ ਮਰਦ ਦਾ ਇਸ ਧਰਤੀ ਤੇ ਸੰਤੁਲਨ ਹੋਣਾ ਕੁਦਰਤ ਲਈ ਨਿਹਾਇਤ ਹੀ ਜਰੂਰੀ ਅਤੇ ਲੋੜੀਂਦਾ ਹੈ। ਪੰਜਾਬ ਦੇ ਲੋਕਾਂ ਦੇ ਦਿਲਾਂ ਵਾਰੇ ਗੱਲਾਂ-ਕਥਾਵਾਂ ਵਿੱਚ ਸੁਣਦੇ ਰਹੇ ਹਾਂ ਕਿ ਦਰਿਆ ਦਿਲੀ ਲਈ ਖੁੱਲੇ ਮੰਨੇ ਜਾਂਦੇ ਹਨ, ਪਰ ਧੀਆਂ ਲਈ ਕੀ ਹੁਣ ਪੰਜਾਬੀਆਂ ਦੇ ਮਨਾਂ 'ਚ ਕੋਈ ਥਾਂ ਨਹੀਂ ਰਹੀ? ਪੰਜਾਬ ਜਿੱਥੇ ਭਾਰਤ ਲਈ ਅੰਨਦਾਤਾ ਹੈ, ਕੀ ਹੁਣ ਆਪਣੀਆਂ ਧੀਆਂ ਲਈ ਪੰਜਾਬ ਕੋਲ ਖਾਣ ਲਈ ਦੇਣ ਲਈ ਅੰਨ ਨਹੀਂ ਹੈ? ਪੰਜਾਬੀ ਜਿੱਥੇ ਪਰੁਹਣਚਾਰੀ ਲਈ ਸਾਰੀ ਦੁਨੀਆਂ ਵਿੱਚ ਮੰਨੇ-ਪ੍ਰਮੰਨੇ ਹਨ ਕੀ ਹੁਣ ਆਪਣੀਆਂ ਧੀਆਂ ਦੇ ਰਹਿਣ ਲਈ ਸਾਡੇ ਗਰਾਂ, ਘਰਾਂ, ਦਰਾਂ ਵਿੱਚ ਮਾੜੀ ਮੋਟੀ ਵੀ ਜਗ੍ਹਾ ਨਹੀਂ ਹੈ?

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...