18.3.08

ਰੱਸੀ ਸੜ ਗਈ ਪਰ.....

'ਰੱਸੀ ਸੜ ਗਈ ਪਰ ਵੱਟ ਨਹੀਂ ਗਿਆ' ਪੰਜਾਬੀ ਦੀ ਪੁਰਾਣੀ ਕਹਾਵਤ ਅਨੁਸਾਰ ਅਮਰੀਕਾ ਅਜੇ ਵੀ ਸਭ ਕੁਝ ਗੁਆ ਕੇ ਡੀਗਾਂ ਮਾਰਨ ਤੋਂ ਬਾਜ ਨਹੀਂ ਆ ਰਿਹਾ।
ਹਜ਼ਾਰਾਂ ਨਿਰਦੋਸ਼ੇ ਵਿਅਕਤੀ ਮਾਰ ਕੇ, ੪੦੦੦ ਅਮਰੀਕਨ ਫੌਜੀ ਮਰਵਾ ਕੇ, ੨੦੦੦੦ ਅਮਰੀਕਨ ਫੌਜੀ ਜ਼ਖਮੀ ਕਰਵਾ ਕੇ, ੩ ਟ੍ਰਿਲੀਅਨ ਅਮਰੀਕਨ ਡਾਲਰ ਜੰਗ ਦੀ ਸੁਆਹ ਵਿੱਚ ਝੋਕ ਕੇ ਅਮਰੀਕਾ ਦਾ ਰਾਸ਼ਟਰਪਤੀ ਅਜੇ ਵੀ ਕਹਿ ਰਿਹਾ ਹੈ ਕਿ ਅਸੀਂ ਜੰਗ ਜਿੱਤੇ ਤੋਂ ਬਗੈਰ ਇਰਾਕ 'ਚੋਂ ਵਾਪਿਸ ਨਹੀਂ ਆਵਾਂਗੇ। (ਵੈਸੇ ਏਹਨੂੰ ਕੋਈ ਪੁੱਛੇ, ਪਈ ਪਤੰਦਰਾ ਤੂੰ ਇਰਾਕ 'ਚ ਗਿਆ ਈ ਕਦੋਂ ਸੀ, ਗਏ ਤਾਂ ਦੇਸ਼ ਭਗਤੀ ਦੀ ਅੱਗ ਵਿੱਚ ਝੁਲਸਣ ਵਾਲੇ ਨੇ। ਤੂੰ ਤਾਂ ਕੁਰਸੀ ਤੇ ਬੈਠ ਕੇ ਮੂੰਹ ਹੀ ਹਿਲਾਉਣਾ, ਉਹ ਤੂੰ ਹਿਲਾਈ ਹੀ ਜਾਨੈਂ)
ਜਜ਼ਬਾਤਾਂ ਦੀ ਦੁਨੀਆਂ 'ਚੋਂ ਦੂਰ ਰਹਿ ਕੇ ਜੇ ਗੱਲ ਕਰੀਏ ਤਾਂ ਸਾਹਮਣੇ ਇਹੀ ਨਤੀਜਾ ਨਿਕਲਦਾ ਹੈ ਕਿ ਆਪਣੇ ਫਾਇਦੇ ਲਈ ਅਮਰੀਕਾ ਨੇ ਇਹ ਸਭ ਕੀਤਾ ਜਦੋਂ ਕਿ ਜਿਹੜੇ ਦੋਸ਼ ਅਮਰੀਕਾ ਨੇ ਇਰਾਕ ਦੇ ਸ਼ਾਸ਼ਕ ਉੱਪਰ ਲਾ ਕੇ ਇਰਾਕ ਵਿੱਚ ਹਮਲਾ ਕੀਤਾ ਅਤੇ ਉਸਨੂੰ ਫਾਹੇ ਲਾਇਆ ਉਹ ਸਭ ਖੋਖਲੇ ਹੀ ਨਿਕਲੇ। ਸਾਰੀ ਦੁਨੀਆਂ ਦੀ ਥੂਹ ਥੂਹ ਦੇ ਸਾਹਮਣੇ ਸਾਰੀ ਦੁਨੀਆਂ ਦਾ ਆਪਣੇ ਆਪ ਨੂੰ ਠਾਣੇਦਾਰ ਸਮਝਣ ਵਾਲਾ ਅਜੇ ਵੀ ਧੌਣ 'ਚ ਠੁਕੇ ਹੋਏ ਕਿੱਲ ਨੂੰ ਕੱਢਣ ਲਈ ਤਿਆਰ ਨਹੀਂ ਹੈ।
ਸੱਚ ਇਹ ਵੀ ਹੈ ਕਿ ਇਹ ਸਭ ਕੁਝ ਅੰਦਰੋ ਅੰਦਰੀ ਧਰਮ ਦੇ ਨਾਂ ਤੇ ਵੀ ਹੋ ਰਿਹਾ ਹੈ। ਵੈਸੇ ਕਿਸੇ ਗੱਲੋਂ ਘੱਟ ਅਮਰੀਕਾ ਦੇ ਦੁਸ਼ਮਣ ਵੀ ਨਹੀਂ ਹਨ, ਦੁਸ਼ਮਣ ਵੀ ਉਹ ਜਿਹੜੇ ਕਦੀ 'ਆਪਣੇ' ਹੀ ਹੁੰਦੇ ਸਨ। ਹਾਲਾਤ ਬਦਲਣ ਨਾਲ ਕਈ ਵਾਰ ਰਿਸ਼ਤੇ ਵੀ ਬਦਲ ਜਾਂਦੇ ਹਨ ਜਦੋਂ ਰਿਸ਼ਤੇ ਪੈਸੇ ਦੀ ਰੇਤ ਤੇ ਉਸਾਰੇ ਹੋਏ ਘਰਾਂ ਵਰਗੇ ਹੋਣ।
ਅੱਗੇ ਅੱਗੇ ਦੇਖੀਏ ਅਜੇ ਕੀ ਹੁੰਦਾ ਹੈ?
ਬਦੀ ਤੇ ਨੇਕੀ ਦਾ ਵੈਰ ਹੁੰਦਾ ਹੈ, ਸੁਣਿਆ ਕਰਦਾ ਸਾਂ ਪਰ ਅੱਜ ਸਮਝਣ ਤੋਂ ਅਸਮਰੱਥ ਹਾਂ ਕਿ ਨੇਕੀ ਕੌਣ ਕਰ ਰਿਹਾ ਹੈ ਅਤੇ ਬਦੀ ਕੌਣ? ਜਾਂ ਫੇਰ ਇਹ ਕਿਹਾ ਜਾ ਸਕਦਾ ਹੈ ਕਿ ਦੋਵੇਂ ਪਾਸੇ ਨੇਕੀ ਕਰ ਰਹੇ ਹਨ ਜਾਂ ਫੇਰ 'ਸੌ ਹੱਥ ਰੱਸਾ, ਸਿਰੇ ਤੇ ਗੰਢ' ਅਨੁਸਾਰ ਇਹੀ ਕਿਹਾ ਜਾ ਸਕਦਾ ਹੈ ਕਿ ਦੋਵੇਂ ਪਾਸੇ ਬਦੀ ਹੀ ਕਰ ਰਹੇ ਹਨ!
ਅਮਰੀਕਾ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਕੋਈ ਮਾੜਾ ਨਹੀਂ ਹੁੰਦਾ ਅਤੇ ਹਰ ਕੋਈ ਤਕੜਾ ਨਹੀਂ ਹੁੰਦਾ। ਅਜੇ ਵੀ 'ਡੋਲ੍ਹੇ ਹੋਏ ਬੇਰ' ਸਾਂਭ ਲੈਣ ਨਹੀਂ ਤਾਂ ਬਹੁਤ ਦੇਰ ਹੋ ਜਾਏਗੀ!
ਸੜੀ ਹੋਈ ਰੱਸੀ ਆਖਿਰ ਸੜੀ ਹੋਈ ਹੀ ਹੁੰਦੀ ਹੈ, ਉਹ ਕਿਸੇ ਦਾ ਕੁਝ ਵੀ ਸੁਆਰ ਨਹੀਂ ਸਕਦੀ, ਸਿਰਫ਼ ਚੱਕਣ ਵਾਲੇ ਦੇ ਸਿਰ ਸੁਆਹ ਹੀ ਪਾ ਸਕਦੀ ਹੈ!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...