24.3.08

੨੩ ਮਾਰਚ-ਕੀ ਯਾਦ ਹੈ ਸਾਨੂੰ?....

23 ਮਾਰਚ-ਕੀ ਯਾਦ ਹੈ ਸਾਨੂੰ?
23 ਮਾਰਚ 2008, ਅੱਜ ਵੇਖਦਾਂ ਹਾਂ ਪੰਜਾਬੀ ਦੀਆਂ ਨਾਮਵਰ ਅਖ਼ਬਾਰਾਂ ਦੀਆਂ ਵੈਬਸਾਈਟਾਂ,
‘ਸਿਰਫ’ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਕੀਤੀਆਂ ਗਈਆਂ ਬਿਆਨਬਾਜ਼ੀਆਂ ਹੀ ਪੜ੍ਹਨ ਲਈ ਮਿਲਦੀਆਂ ਹਨ।
“18 ਫੁੱਟ ਉੱਚਾ ਤਾਂਬੇ ਦਾ ਬੁੱਤ ਛੇਤੀ ਹੀ ਭਾਰਤ ਦੀ ਪਾਰਲੀਮਿੰਟ ਵਿੱਚ ਲਗਾਇਆ ਜਾ ਰਿਹਾ ਹੈ।”
“ਖਟਕੜ ਕਲਾਂ ਨੂੰ ਸ਼ਹੀਦਾਂ ਦੇ ਮੱਕੇ ਵਜੋਂ ਵਿਕਸਿਤ ਕੀਤਾ ਜਾਵੇਗਾ।”
“ਖਟਕੜ ਕਲਾਂ ਵਿੱਚ ਪਹਿਲਾਂ ਤੋਂ ਬਣੇ ਮਿਊਜ਼ਿਅਮ ਦਾ ਵਿਸਤਾਰ ਕੀਤਾ ਜਾਵੇਗਾ।”
ਆਦਿ....
ਹੋਰ ਵੀ ਬਹੁਤ ਕੁਝ ਪਿਛਲੇ ਕੀਤੇ ਹੋਏ ਵਾਅਦਿਆਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਬੁੱਤ ਦਾ ਲਗਾਇਆ ਜਾਣਾ ਤਾਂ ਲੱਗਭਗ ਤਹਿ ਹੋ ਚੁੱਕਾ ਹੈ।
ਪਰ ‘ਬੁੱਤ’ ਕਿਹੜਾ ਕਦੀ ਬੋਲਦੇ ਹਨ?
ਸ਼ਹੀਦਾਂ ਦੇ ਬੁੱਤਾਂ ਤੋਂ ਭਲਾ ਕਾਹਦਾ ਡਰ?
ਡਰ ਤਾਂ ਉਹਨਾਂ ਦੇ ਬੋਲਾਂ ਤੋਂ ਹੈ, ਜੋ ਹੌਲੀ ਹੌਲੀ ਖਤਮ ਕੀਤੇ ਜਾ ਰਹੇ ਹਨ, ਸ਼ਾਇਦ ਹੀ ਇਸ ਗੱਲ ਤੇ ਕਿਸੇ ਨੂੰ ਸ਼ੱਕ ਹੋਵੇ?
...................................
ਸ਼ੁਰੂ ਵਿੱਚ ‘ਸਿਰਫ’ ਇਸ ਲਈ ਲਿਖਿਆ ਸੀ ਕਿ ਏਸ ਦਿਨ ਹੀ 23 ਮਾਰਚ 1988 ਨੂੰ ਪੰਜਾਬ ਦੇ ਇਕ ਨਾਮਵਰ ਪੰਜਾਬੀ ਕ੍ਰਾਂਤੀਕਾਰੀ ਕਵਿਤਾ ਦੇ ਮੋਢੀ ਕਵੀ, ਲੇਖਕ, ਚਿੰਤਕ ਅਤੇ ਅਗਾਂਹਵਧੂ ਜਨਤਕ ਲਹਿਰਾਂ ਦੇ ਸਰਗਰਮ ਘੁਲਾਟੀਏ ‘ਪਾਸ਼’ ਨੂੰ ਫਿਰਕੂ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ ਸੀ।
ਉਸ ਦੇ ਨਾਮ ਤੱਕ ਦਾ ਵੀ ਕਿਸੇ ਅਖ਼ਬਾਰ ਵਿੱਚ ਜਿ਼ਕਰ ਨਹੀਂ ਹੈ। ਇੱਥੋਂ ਤੱਕ ਕਿ ‘ਦੇਸ਼ਸੇਵਕ’ ਵਿੱਚ ਵੀ ਨਹੀਂ! ਹੋਰ ਕਈ ਅਖ਼ਬਾਰਾਂ ਵਾਰੇ ਤਾਂ ਚਲੋ ਗਿਲਾ ਹੀ ਨਹੀਂ ਕੀਤਾ ਜਾ ਸਕਦਾ!
ਅਵਤਾਰ ਸਿੰਘ ਸੰਧੂ ‘ਪਾਸ਼’ ਦੀ ਕਵਿਤਾ ‘ਚੋਂ ਕੁਝ ਸਤਰਾਂ ਇਹਨਾਂ ਹਾਲਾਤਾਂ ਮੌਕੇ ਪੇਸ਼ ਹਨ:
“ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਤੜਪ ਦਾ ਹੋਣਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ।”
................................
ਭਗਤ ਸਿੰਘ ਸ਼ਹੀਦ ਦੇ ਨਾਲ ਸ਼ਹੀਦ ਹੋਏ ਰਾਜਗੁਰੂ ਅਤੇ ਸੁਖਦੇਵ ਵਾਰੇ ਗੱਲ ਨਾ ਕੀਤੀ ਤਾਂ ਸ਼ਹੀਦਾਂ ਦੇ ਵਿਚਾਰਾਂ ਨਾਲ ਧਰੋਹ ਹੋਵੇਗਾ।
ਇਹਨਾਂ ਤਿੰਨਾਂ ਸ਼ਹੀਦਾਂ ਦੇ ਬੁੱਤਾਂ ਉੱਪਰ ਜਦੋਂ ਅਜੋਕਾ ਲੀਡਰ ਫੁੱਲ ਭੇਂਟ ਕਰਦਾ ਹੋਵੇਗਾ ਤਾਂ ਕਿੰਜ ਮਹਿਸੂਸ ਹੁੰਦਾ ਹੋਵੇਗਾ ਇਹਨਾਂ ਅਜ਼ਾਦੀ ਦੇ ਪਰਵਾਨਿਆਂ ਦੀਆਂ ਨੂੰ? ਇਹ ਸ਼ਾਇਦ ਅਸੀਂ ਨਹੀਂ ਮਹਿਸੂਸ ਕਰ ਸਕਦੇ। ਹਾਂ, ਸ਼ਾਇਦ ਹੋ ਸਕਦਾ ਹੈ ਉਹ ਬਹੁਤ ਬੇਵੱਸ ਮਹਿਸੂਸ ਕਰਦੇ ਹੋਣਗੇ ਕਿ ਉਹਨਾਂ ਦੇ ਨਾਮ ਥੱਲੇ ‘ਪਵਿੱਤਰ’ ਲਗਾਏ ਗਏ ‘ਬੁੱਤ’ ਉਸ ਵਕਤ ਉੱਥੋਂ ਪਰਾਂ ਕਿਉਂ ਨਹੀਂ ਖਿਸਕ ਸਕਦੇ...!
..................................
ਇਹਨਾਂ ਸ਼ਹੀਦਾਂ ਨੇ ਕਦੀ ਵੀ ਇਹ ਨਹੀਂ ਸੋਚਿਆ ਹੋਣਾ ਕਿ ਉਹਨਾਂ ਨੂੰ ਇਸ ਤਰ੍ਹਾਂ ਭੁਲਾਇਆ ਜਾਵੇਗਾ ਅਤੇ ਇਸ ਤੋਂ ਵੀ ਵੱਧ ਕਿ ਉਹਨਾਂ ਦੇ ਵਿਚਾਰਾਂ ਨੂੰ ਕਦੇ ਉਹਨਾਂ ਹੀ ਲੋਕਾਂ ਵਲੋਂ ਵਿਸਾਰਿਆ ਜਾਵੇਗਾ ਜਿਨ੍ਹਾਂ ਦੀ ਖਾਤਰ, ਜਿਨ੍ਹਾਂ ਦੇ ਦੇਸ਼ ਦੀ ਖਾਤਰ ਉਹ ਆਪਣਾ ਆਪ ਕੁਰਬਾਨ ਕਰਨ ਲਈ ਮੌਤ ਨੂੰ ਹਰ ਵਕਤ ਗਲ ਲਾਉਣ ਲਈ ਤਿਆਰ ਰਹਿੰਦੇ ਸਨ।
‘ਪਾਸ਼’ ਦੀ ਲਿਖੀ ਹੋਈ ਗ਼ਜ਼ਲ ਨਾਲ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰਦਾ ਹਾਂ:
ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ।

ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ।

ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ।

ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ।

ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜ਼ੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ।
.............................
ਉਨ੍ਹਾਂ ਦੀ ਸ਼ੁਰੂ ਕੀਤੀ ਹੋਈ ਇਹ ਅਨਿਆਏ ਦੇ ਖਿਲਾਫ਼, ਇਨਸਾਫ ਦੀ ਜੰਗ ਅਜੇ ਵੀ ਜਾਰੀ ਹੈ, ਆਓ ਯਾਦ ਰੱਖੀਏ ਆਪਣੇ ਸ਼ਹੀਦਾਂ ਨੂੰ, ਸ਼ਹੀਦਾਂ ਦੇ ਵਿਚਾਰਾਂ ਨੂੰ....
ਇਨਕਲਾਬ-ਜ਼ਿੰਦਾਬਾਦ

3 comments:

Deep Jagdeep said...

ਸ਼ਹੀਦਾਂ ਨੂੰ ਸਲਾਮ

Unknown said...

ਭਾਜੀ ਮੈਨੂੰ ਤੁਹਾਡੀ ਰਚਨਾ ਬਹੁਤ ਵਧੀਆ ਲਗੀ.

ਕਾਵਿ-ਕਣੀਆਂ said...

ਦੀਪ ਜਗਦੀਪ ਜੀ ਅਤੇ ਕਾਕਾ ਜੀ ਸ਼ਹੀਦਾਂ ਦੀ ਯਾਦ ਵਿੱਚ ਲਿਖੀ ਹੋਈ ਰਚਨਾ ਨੂੰ ਪਸੰਦ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ! ਜਨਾਬ!!

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...