ਹਵਾਈ ਅੱਡੇ ਦੇ ਇਲਾਕੇ ਵਿੱਚ ਟੈਕਸੀ ਵਾਲਿਆਂ ਲਈ ਖਾਸ ਜਗ੍ਹਾ ਗੱਡੀਆਂ ਖੜ੍ਹੀਆਂ ਕਰਨ ਲਈ ਬਣਾਈ ਹੋਈ ਹੈ। ਜਿਸ ਨੂੰ ਬੀੜ (ਵੀਡ) ਕਹਿੰਦੇ ਹਨ। ਜਿੱਥੇ ਕਿ ਚਾਲਕਾਂ ਦੀ ਸਹੂਲਤ ਲਈ ਵਾਸ਼ਰੂਮ, ਲੰਚ ਰੂਮ ਆਦਿ ਬਣੇ ਹੋਏ ਹਨ। ਲੰਚ ਰੂਮ ਵਿੱਚ ਕਾਫੀ ਜਗ੍ਹਾ ਹੈ ਜਿੱਥੇ ਮੁਲਸਮਾਨ ਟੈਕਸੀ ਚਾਲਕ ਆਪਣੀ ਨਮਾਜ਼ ਵੀ ਅਦਾ ਕਰ ਸਕਦੇ ਹਨ। ਉਨ੍ਹਾ ਲਈ ਇੱਕ ਖੂੰਜੇ ਵਿੱਚ ਖਾਸ ਜਗ੍ਹਾ ਬਣਾਈ ਹੋਈ ਹੈ। ਜਿੱਥੋਂ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਤੁਸੀਂ ਜਿਵੇਂ ਕਿਸੇ ਧਾਰਮਿਕ ਅਸਥਾਨ ਤੇ ਹੀ ਆ ਗਏ ਹੋ। ਖਾਣਾ ਖਾਣ ਤੋਂ ਇਲਾਵਾ ਡਰਾਈਵਰ ਤਾਸ਼ ਖੇਡਣਾ, ਗੱਪਾਂ ਮਾਰਨੀਆਂ ਆਦਿ ਸ਼ੁਗਲ ਵੀ ਇੱਥੇ ਕਰਦੇ ਰਹਿੰਦੇ ਹਨ। ਮੌਸਮ ਸੋਹਾਣਾ ਹੋਵੇ ਤਾਂ ਬਾਹਰ ਬੈਠਣ ਲਈ ਟੈਕਸੀ ਚਾਲਕਾਂ ਨੇ ਖੁਦ ਆਪਣੇ ਸਿਰ ਖੁਦ ਖਰਚ ਕਰ ਕੇ ਮੇਜ਼ ਕੁਰਸੀਆਂ ਆਦਿ ਦਾ ਪ੍ਰਬੰਧ ਕੀਤਾ ਹੋਇਆ ਹੈ। ਵੱਖ ਵੱਖ ਫਿਰਕਿਆਂ ਨਾਲ ਸਬੰਧਿਤ ਸਾਰੇ ਟੈਕਸੀ ਚਾਲਕ ਇੱਕੋ ਥਾਂ ਤੇ ਕਾਫੀ ਵਧੀਆ ਢੰਗ ਨਾਲ ਆਪਣਾ ਆਪਣਾ ਪਰਿਵਾਰ ਚਲਾਉਣ ਲਈ ਕੰਮ ਕਰ ਰਹੇ ਹਨ। ਸਿੱਖ, ਮੁਸਲਮਾਨ, ਹਿੰਦੂ, ਇਸਾਈ, ਬੋਧੀ ਆਦਿ ਧਰਮਾਂ ਨਾਲ ਸਬੰਧਿਤ ਲੋਕ ਇੱਥੇ ਕੰਮ ਕਰਦੇ ਹਨ। ਕਈ ਦੇਸ਼ਾਂ ਦੇ ਲੋਕ ਟੈਕਸੀ ਕਿੱਤੇ ਨਾਲ ਸਬੰਧ ਰੱਖਦੇ ਹਨ ਪਰ ਪੰਜਾਬ ਦੇ ਲੋਕ ਜ਼ਿਆਦਾ ਗਿਣਤੀ ਵਿੱਚ ਹਨ। ਹੁਣ ਪਾਕਿਸਤਾਨ ਦੇ ਲੋਕਾਂ ਦੀ ਗਿਣਤੀ ਵੀ ਕਾਫੀ ਦਿਨੋ ਦਿਨ ਵਧ ਰਹੀ ਹੈ। ਗੋਰੇ ਟੈਕਸੀ ਘੱਟ ਚਲਾਉਂਦੇ ਹਨ, ਸ਼ਾਇਦ ਲੰਮੀਆਂ ਸ਼ਿਫਟਾਂ ਦੇ ਕਰ ਕੇ। ਮੌਕੇ ਮੌਕੇ ਉੱਪਰ ਇੱਥੇ ਹੁਣ ਤਿਓਹਾਰ ਮਨਾਏ ਜਾਣ ਲੱਗ ਪਏ ਹਨ। ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮੌਕੇ, ਵਸਾਖੀ ਮੌਕੇ, ਈਦ ਮੌਕੇ ਇਸ ਤਰ੍ਹਾਂ ਟੈਕਸੀ ਵਾਲਿਆਂ ਵਲੋਂ ਪੈਸੇ ਇੱਕਠੇ ਕਰ ਕੇ ਇਹ ਦਿਨ ਮਨਾਏ ਜਾਂਦੇ ਹਨ। ਹਰ ਧਰਮ ਦੇ ਲੋਕ ਇਸ ਵਿੱਚ ਆਪਣੀ ਸ਼ਮੂਲੀਅਤ ਕਰਦੇ ਹਨ।
ਖੈਰ ਗੱਲ ਵਸਾਖੀ ਦੀ ਹੋ ਰਹੀ ਸੀ, ਪਰ ਥੋੜਾ ਜਿਹਾ ਸਥਾਨ ਅਤੇ ਮਾਹੌਲ ਵਾਰੇ ਵੀ ਦੱਸਣਾ ਇੱਥੇ ਯੋਗ ਹੀ ਸੀ। ਤੰਬੂ ਲਗਾ ਕੇ, ਲੰਗਰ ਲਗਾਇਆ ਜਾਂਦਾ ਹੈ ਜੋ ਦੋ ਦਿਨ ਤੱਕ ਦਿਨੇ ਦਿਨੇ ਚੱਲਦਾ ਰਹਿੰਦਾ ਹੈ। ਟੈਕਸੀ ਡਰਾਈਵਰ ਹੀ ਇਸ ਵਿੱਚ ਸੇਵਾ ਭਾਵਨਾ ਨਾਲ ਸੇਵਾ ਕਰਦੇ ਹਨ। ਕੁਝ ਮੋਹਰੀ ਸੇਵਾਦਾਰ ਕੁਝ ਦਿਨ ਪਹਿਲਾਂ ਫੰਡ ਇੱਕਠਾ ਕਰਦੇ ਹਨ। ਫਿਰ ਸਾਰਾ ਪ੍ਰਬੰਧ ਕਰ ਕੇ, ਗੁਰਦੁਆਰੇ ਵਿੱਚ ਲੰਗਰ ਤਿਆਰ ਕਰਕੇ, ਗੱਡੀ ਵਿੱਚ ਲਿਆ ਕੇ ਇੱਥੇ ਲੰਗਰ ਲਾਇਆ ਜਾਂਦਾ ਹੈ।
੧੫ ਅਤੇ ੧੬ ਤਾਰੀਖ ਨੂੰ ਇਸ ਵਾਰ ਲੰਗਰ ਲਗਾਇਆ ਗਿਆ ਸੀ। ਵੱਖ ਵੱਖ ਧਰਮਾਂ ਦੇ ਲੋਕ ਇੱਕਠੇ ਬੈਠ/ਖੜ੍ਹ ਕੇ ਲੰਗਰ ਖਾਂਦੇ ਹਨ, ਇਸ ਤਰ੍ਹਾਂ ਟੈਕਸੀ ਵਾਲੇ ਵਸਾਖੀ ਮਨਾਉਂਦੇ ਹਨ। ਇਸ ਵਾਰ ਵਸਾਖੀ ਦੇ ਸੰਦਰਭ ਵਿੱਚ ਲਿਖਤੀ ਜਾਣਕਾਰੀ ਵੀ ਲੋਕਾਂ ਤੱਕ ਮੁਹੱਈਆ ਕੀਤੀ ਗਈ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਵਸਾਖੀ ਦਾ ਕੀ ਮਤਲਬ ਹੈ। ਜੋ ਕਿ ਇਸ ਵਾਰ ਪਹਿਲਾਂ ਨਾਲੋਂ ਵੱਖ ਢੰਗ ਨਾਲ ਵਸਾਖੀ ਮਨਾਉਣ ਦਾ ਇੱਕ ਚੰਗਾ ਪੱਖ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
---------------------------------------------------------
ਲੰਗਰ ਦੀ ਪ੍ਰਥਾ ਸਾਡੇ ਗੁਰੂ ਸਹਿਬਾਨਾਂ ਨੇ ਤੋਰੀ ਸੀ, ਲੰਮੇ ਲੰਮੇ ਪੈਂਡੇ ਤੇ ਜਾਣਾ, ਦੂਰ ਦੂਰ ਤੱਕ ਕੋਈ ਖਾਣ ਪੀਣ ਦਾ ਪ੍ਰਬੰਧ ਨਾ ਹੋਣਾ। ਲੋਕ ਦੂਰੋਂ ਦੂਰੋਂ ਗੁਰੂ ਸਹਿਬਾਨਾਂ ਦੇ ਦਰਸ਼ਨਾਂ ਲਈ ਆਉਂਦੇ ਤਾਂ ਉਹਨਾਂ ਦੇ ਸਰੀਰ ਦੀ ਤ੍ਰਿਪਤੀ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਸੀ। ਹਰ ਧਰਮ ਦਾ ਬੰਦਾ ਪੰਕਤੀ ਵਿੱਚ ਬੈਠ ਕੇ ਲੰਗਰ ਛਕਿਆ ਕਰਦਾ ਸੀ। ਕੋਈ ਭੇਦ ਭਾਵ ਨਹੀਂ ਸੀ, ਹਰ ਕੋਈ ਰੰਕ ਜਾਂ ਰਾਜਾ ਇੱਕ ਬਰਾਬਰ ਸੀ ਗੁਰੂ ਦੇ ਘਰ ਵਿੱਚ। ਸਾਲਾਂ ਤੋਂ ਇਹ ਪ੍ਰਥਾ ਸਿੱਖ ਧਰਮ ਵਿੱਚ ਚੱਲਦੀ ਆਈ ਹੈ।
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਜਦੋਂ ਗੁਰੂ ਜੀ ਨੂੰ ੨੦ ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਤਾਂ ਉਹਨਾਂ ਨੇ ਉਸ ਪੈਸੇ ਨਾਲ ਹੀ ਲੋੜਵੰਦਾਂ ਦੀ ਮੱਦਦ ਕਰ ਦਿੱਤੀ। ਉਹਨਾਂ ਨੂੰ ਇਸ ਤੋਂ ਚੰਗਾ ਵਪਾਰ ਹੋਰ ਕੁਝ ਨਹੀਂ ਸੀ ਲੱਭਿਆ। ਉਸ ਨੂੰ ਉਹਨਾਂ ਨੇ ਸੱਚਾ ਸੌਦਾ ਕਿਹਾ ਸੀ।
ਇਸ ਇਤਿਹਾਸ ਨੂੰ ਦੁਹਰਾਉਣ ਦਾ ਮਤਲਬ ਮੇਰਾ ਸਿਰਫ ਇੱਥੇ ਇਸ ਲਈ ਹੈ ਕਿ :
- ਪੈਸੇ ਇੱਕਠੇ ਕਰ ਕੇ ਇਕੱਲਾ ਲੰਗਰ ਲਾਇਆ ਜਾਣਾ ਹੀ ਕੀ ਬਹੁਤ ਮਹੱਤਵ ਪੂਰਨ ਹੈ?
- ਉਹ ਵੀ ਉਹਨਾਂ ਵਿੱਚ ਹੀ ਜਿਹਨਾਂ ਤੋਂ ਪੈਸੇ ਇੱਕਠੇ ਕੀਤੇ ਗਏ ਹੋਣ?
- ਬਾਕੀ ਧਰਮਾਂ ਨੂੰ, ਲੋਕਾਂ ਨੂੰ ਜੇ ਇਸ ਨਾਲ ਵਸਾਖੀ ਦਾ ਅਰਥ ਸਮਝ ਆ ਜਾਂਦਾ ਹੋਵੇ ਤਾਂ ਥਾਂ ਥਾਂ ਤੇ ਲੰਗਰ ਲਾਏ ਜਾਣੇ ਚਾਹੀਦੇ ਹਨ?
- ਕਈ ਲੋਕਾਂ ਦਾ ਵਿਚਾਰ ਹੈ ਕਿ ਇਸ ਨਾਲ ਸਾਡੇ ਧਰਮ ਦੀ ਚੜ੍ਹਦੀ ਕਲਾ, ਉੱਚੀ ਸ਼ਾਨ ਦਾ ਪਤਾ ਲੱਗਦਾ ਹੈ! ਕੀ ਚੜ੍ਹਦੀ ਕਲਾ, ਉੱਚੀ ਸ਼ਾਨ ਇਸ ਵਿੱਚ ਹੀ ਹੈ ਕਿ ਰੱਜੇ ਪੁੱਜਿਆਂ ਨੂੰ ਹੀ ਲੰਗਰ ਛਕਾਇਆ ਜਾਵੇ?ਅਤੇ ਉਹ ਸਮਝਣ ਕਿ ਸਿੱਖਾਂ ਦਾ ਧਰਮ ਬਹੁਤ ਉੱਤਮ ਹੈ।
- ਕੀ ਅਸੀਂ ਆਪਣੀ ਕੀਤੀ ਮਿਹਨਤ ਨੂੰ ਗੁਰੂ ਦਾ ਪ੍ਰਤਾਪ ਨਹੀਂ ਸਮਝਦੇ ਜਾਂ ਸਾਡੇ ਘਰ ਵਿੱਚ ਜੋ ਹੈ ਉਹ ਸਾਡਾ ਆਪਣਾ ਹੈ ਅਤੇ ਬਾਹਰ ਜੋ ਅਸੀਂ ਗੁਰਦੁਆਰਿਆਂ ਵਿੱਚ ਜਾਂ ਇਸ ਤਰ੍ਹਾਂ ਲੰਗਰ ਲਾਉਂਦੇ ਹਾਂ ਉਹੀ ਗੁਰੂ ਦਾ ਦਿੱਤਾ ਹੋਇਆ ਹੈ?
ਕਈ ਲੋਕਾਂ ਨੂੰ ਮੇਰੀਆਂ ਗੱਲਾਂ ਚੁੱਭਦੀਆਂ ਹਨ। ਖੈਰ, ਇਹ ਤਾਂ ਹੁੰਦਾ ਹੀ ਹੈ। (ਡਾਕਟਰ ਜਦੋਂ ਟੀਕਾ ਲਾਉਂਦਾ ਹੈ ਤਾਂ ਦਰਦ ਤਾਂ ਹੁੰਦਾ ਹੀ ਹੈ ਪਰ ਡਾਕਟਰ ਟੀਕਾ ਇਲਾਜ ਲਈ ਲਾ ਰਿਹਾ ਹੁੰਦਾ ਹੈ)
ਜਦੋਂ ਤੋਂ ਇਹ ਟੈਕਸੀ ਵਾਲਿਆਂ ਨੇ ਸਭ ਸ਼ੁਰੂ ਕੀਤਾ ਹੋਇਆ ਹੈ ਕਿ ਆਪੇ ਪੈਸੇ ਇੱਕਠੇ ਕਰੋ ਅਤੇ ਆਪ ਹੀ ਲੰਗਰ ਲਾ ਲਓ ਅਤੇ ਆਪ ਹੀ ਖਾ ਲਓ, ਉਦੋਂ ਤੋਂ ਹੀ ਮੈਂ ਕਦੇ ਵੀ ਨਾ ਕੋਈ ਨਿੱਕਾ ਪੈਸਾ ਇਸ ਕੰਮ ਲਈ ਦਿੱਤਾ ਹੈ ਅਤੇ ਨਾ ਹੀ ਉਸ ਵਿੱਚੋਂ ਲੰਗਰ ਖਾਧਾ ਹੈ। ਮੇਰੀ ਸੋਚ ਮੁਤਾਬਕ ਜੋ ਕੁਝ ਵੀ ਹੈ ਸਭ ਪਰਮਾਤਮਾ ਦਾ ਹੀ ਹੈ। ਜਦੋਂ ਵੀ ਜਿੱਥੇ ਵੀ ਮੈਂ ਆਪਣੇ ਸਰੀਰ ਲਈ, ਰੂਹ ਲਈ ਜੋ ਵੀ ਕਾਰਜ ਕਰਦਾ ਹਾਂ ਸਭ ਪਰਮਾਤਮਾ ਦੀ ਹੀ ਦੇਣ ਹੈ, ਉਹ ਸਭ ਥਾਂ ਹੀ ਹੈ ਸਭ ਕੁਝ ਕਰ ਰਿਹਾ ਹੈ। ਢੋਂਗ ਵਿੱਚ ਮੇਰਾ ਵਿਸ਼ਵਾਸ਼ ਨਹੀਂ ਹੈ, ਸੱਚ ਨੂੰ ਸੱਚ ਕਹਿਣ ਦੀ ਪਰਮਾਤਮਾ ਮੈਨੂੰ ਤਾਕਤ ਦਿੰਦਾ ਹੈ। ਇਸ ਵਿੱਚ ਜੇ ਤੁਸੀਂ ਸਮਝੋ ਕਿ ਮੈਂ ਹੰਕਾਰੀ ਹਾਂ ਤਾਂ ਇਸ ਤਰ੍ਹਾਂ ਹੀ ਸਹੀ!
ਮੇਰੇ ਮੁਤਾਬਕ ਕੀ ਹੋਣਾ ਚਾਹੀਦਾ ਹੈ? ਇਹਨਾਂ ਤਿਓਹਾਰਾਂ ਮੌਕੇ:
- ਪੈਸੇ ਇਕੱਠੇ ਕਰ ਕੇ ਇਹ ਲੰਗਰ ਉੱਥੇ ਲਾਏ ਜਾਣ ਜਿੱਥੇ ਇਹਨਾਂ ਦੀ ਜਰੂਰਤ ਹੈ।
- ਭੁੱਖਿਆਂ ਨੂੰ ਖਵਾਉਣਾ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਦੱਸਿਆ ਹੈ, ਲੋੜਵੰਦਾਂ ਦੀ ਮੱਦਦ ਕਰਨੀ ਸਿੱਖ ਦਾ ਧਰਮ ਹੈ।
- ਇਹ ਪੈਸੇ ਜੇ ਜ਼ਿਆਦਾ ਹੋ ਜਾਣ ਤਾਂ ਧਰਮ ਦੇ ਪ੍ਰਚਾਰ ਤੇ ਜਾਂ ਬੱਚਿਆਂ ਲਈ ਸਿੱਖਿਆ ਦੇ ਕਾਰਜ ਵਿੱਚ ਪੰਜਾਬ ਵਿੱਚ ਜਾਂ ਕਿਤੇ ਹੋਰ ਵਰਤੇ ਜਾ ਸਕਦੇ ਹਨ।
- ਪਿੰਗਲਵਾੜੇ ਦੀ ਮੱਦਦ ਕੀਤੀ ਜਾ ਸਕਦੀ ਹੈ।
- ਹਸਪਤਾਲਾਂ ਦੀ ਮੱਦਦ ਕੀਤੀ ਜਾ ਸਕਦੀ ਹੈ।
- ਹਰ ਕੋਈ ਬੰਦਾ ਦਾਨ ਦੇਣ ਵਾਲਾ, ਆਪਣੇ ਆਪਣੇ ਪਿੰਡ/ਸ਼ਹਿਰ ਆਪ ਕੁਝ ਨਾ ਕੁਝ ਚੰਗਾ ਕਰਮ ਸਕੂਲ ਵਾਸਤੇ, ਲਾਇਬਰੇਰੀ, ਖੇਡਾਂ ਵਿੱਚ, ਸਾਫ ਸਫਾਈ ਲਈ, ਤੰਦਰੁਸਤੀ ਲਈ, ਇਲਾਜ ਲਈ ਆਦਿ ਕਾਰਜ ਕਰ ਸਕਦਾ ਹੈ।
ਇਹ ਸਭ 'ਅੰਨ੍ਹਾ ਵੰਡੇ ਰਿਓੜੀਆਂ, ਮੁੜ ਮੁੜ ਆਪਣਿਆਂ ਨੂੰ" ਵਾਲੀ ਗੱਲ ਸਾਨੂੰ ਸ਼ੋਭਦੀ ਨਹੀਂ!
-----------------------------------------------------------------
ਤੁਸੀਂ ਟੈਕਸੀ ਵਾਲਿਆਂ ਦੀ ਵਸਾਖੀ ਤਾਂ ਸ਼ਾਇਦ ਵੇਖ/ਪੜ੍ਹ ਹੀ ਲਈ ਹੈ। ਹੁਣ ਤੁਸੀਂ ਹੀ ਇਹ ਨਿਰਣਾ ਕਰੋ ਕਿ ਕੀ ਇਹ ਸਹੀ ਸ਼ਬਦਾਂ ਵਿੱਚ ਵਸਾਖੀ ਮਨਾਉਣਾ ਕਿਹਾ ਜਾ ਸਕਦਾ ਹੈ? ਇਹ ਟੈਕਸੀ-ਟਾਕ ਵਿੱਚ ਪਹਿਲੀ ਹੀ ਗੱਲ ਸੀ, ਪਰ ਮਾਫ ਕਰਿਓ ਜਰਾ ਕੌੜੀ ਹੀ ਹੋ ਗਈ, ਮਿੱਠੀ ਜਿਹੀ ਗੱਲ ਫੇਰ ਸਹੀ!!
No comments:
Post a Comment