ਵੈਨਕੂਵਰ ਦੇ ਇਲਾਕੇ ਵਿੱਚ ਵੀ ਬਾਕੀ ਪੱਛਮੀ ਦੇਸ਼ਾਂ ਵਾਂਗ ਹੀ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪੰਜਾਬੀਆਂ ਦੇ ਵੱਡੀ ਗਿਣਤੀ ਵਿੱਚ ਰੇਡੀਓ ਸਟੇਸ਼ਨ, ਟੀਵੀ ਚੈਨਲ ਚੱਲ ਰਹੇ ਹਨ। ਮਨੋਰੰਜਨ, ਵਪਾਰ ਅਤੇ ਕੁਝ ਹੱਦ ਤੱਕ ਪ੍ਰਚਾਰ ਕਰਨਾ ਇਨ੍ਹਾਂ ਦਾ ਮੁੱਖ ਮੰਤਵ ਹੈ। ਪ੍ਰਚਾਰ ਵਿੱਚ ਕਿੰਨਾ ਕੁਝ ਹੀ ਸਮੋਅ ਸਕਦਾ ਹੈ। ਸਿੱਖ ਧਰਮ ਨਾਲ ਸਬੰਧਿਤ ਪ੍ਰਚਾਰ ਆਮ ਕਰਕੇ ਜ਼ਿਆਦਾ ਜੋਰ ਨਾਲ ਹੋ ਰਿਹਾ ਹੈ। ਉਹ ਇਸ ਲਈ ਕਿ ਸਿੱਖਾਂ ਦਾ ਇਸ ਸਾਰੇ ਮੀਡੀਏ ਦੇ ਸਾਧਨਾਂ ਵਿੱਚੋਂ ਕਾਫੀ ਮੀਡੀਏ ਉੱਪਰ ਕੰਟਰੋਲ ਹੈ। ਜਿਹੜੀ ਕਿ ਬਹੁਤ ਹੀ ਚੰਗੀ ਗੱਲ ਹੈ।
ਬਹੁਤ ਰੇਡੀਓ ਸਟੇਸ਼ਨਾਂ ਤੇ ਸਵੇਰ ਸਾਰ ਤੜਕੇ ਤੜਕੇ ਗੁਰਬਾਣੀ ਦੇ ਪਰਵਾਹ ਚੱਲ ਪੈਂਦੇ ਹਨ। ਤਿੰਨ ਜਾਂ ਚਾਰ ਘੰਟੇ ਗੁਰਬਾਣੀ ਨਾਲ ਸਬੰਧਿਤ ਪ੍ਰੋਗਰਾਮ ਰੇਡੀਓ ਤੇ ਆਉਂਦੇ ਰਹਿੰਦੇ ਹਨ। ਸਾਡੇ ਵਰਗੇ ਕਈ ਲੋਕ ਕੰਮ ਕਾਰ ਕਰਨ ਦੇ ਨਾਲ ਨਾਲ ਗੁਰਬਾਣੀ ਵੀ ਸੁਣ ਲੈਂਦੇ ਹਨ। ਇੱਕ ਤੀਰ ਅਤੇ ਦੋ ਨਿਸ਼ਾਨੇ ਵਾਲੀ ਕਹਾਵਤ ਸੱਚ ਹੋ ਨਿੱਬੜਦੀ ਹੈ।
ਸਰੀ ਵਿੱਚ ਸਥਿਤ ਇਕ ਪੰਜਾਬੀ ਰੇਡੀਓ ਦਾ ਹੋਸਟ ਜੋ ਦਿਨ ਵਿੱਚ ਕਈ ਵਾਰ ਪ੍ਰੋਗਰਾਮ ਪੇਸ਼ ਕਰਦਾ ਹੈ ਅਤੇ ਸਵੇਰ-ਸਾਰ ਜੋ ਤੜਕੇ ਤੋਂ ਹੀ ਲੋਕਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦੇਣ ਲੱਗ ਪੈਂਦਾ ਹੈ ਅਤੇ ਆਪ..............
ਰੇਡੀਓ ਦੇ ਇਕ ਗੱਲਬਾਤ ਵਾਲੇ ਸ਼ੋਅ ਦਾ ਕੰਨੀਂ ਸੁਣਿਆ ਹੋਇਆ ਦ੍ਰਿਸ਼/ਹਾਲ ਤੁਹਾਡੇ ਲਈ ਪੇਸ਼ ਹੈ:
ਓਹੀ ਰੇਡੀਓ ਹੋਸਟ ਦਿਨ ਚੜ੍ਹਦੇ ਹੀ ਗੁਰਬਾਣੀ ਦੇ ਆਦੇਸ਼ਾਂ ਤੋਂ ਉਲਟ ਜੰਤਰਾਂ ਮੰਤਰਾਂ ਵਾਲਿਆਂ ਨੂੰ ਆਪਣੇ ਪ੍ਰੋਗਰਾਮ ਦੇ ਜਰੀਏ ਅੰਧ-ਵਿਸ਼ਵਾਸ਼ ਫੈਲਾਉਣ ਲਈ ਲੋਕਾਂ ਦੇ ਸਿਰ ਚੜ੍ਹਾ ਕੇ ਬੈਠਾਅ ਦਿੰਦਾ ਹੈ/ਜੋਤਸ਼ੀ ਆਪਣੀ ਵਿਦਿਆ ਦੇ ਤੀਰ ਸਰੋਤਿਆਂ ਦੇ ਦਿਲਾਂ ਵਿੱਚੀਂ ਕੱਢਦਾ ਹੈ/ਸਰੋਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਅਣਜਾਣ ਬੰਦੇ ਕੋਲੋਂ ਪੁੱਛਦੇ ਹਨ/ਜੋਤਸ਼ੀ ਹੁੱਬ ਹੁੱਬ ਕੇ ਤਾਰਾ ਵਿਗਿਆਨ ਦੀ ਗੱਲ ਕਰਦਾ ਹੈ/ਸਾਇੰਸ ਅਤੇ ਜੋਤਸ਼ ਨੂੰ ਚਾਚੇ ਤਾਏ ਦਾ ਪੁੱਤ ਦੱਸਦਾ ਹੈ/ਪ੍ਰੋਗਰਾਮ ਬੜੀ ਸਫਲਤਾ ਨਾਲ ਕਮਾਈ ਕਰ ਰਿਹਾ ਹੈ/ਹੋਸਟ ਦੇ ਮੂੰਹੋ ਛਣ ਛਣ ਕਰਕੇ ਸਿੱਕਿਆਂ ਦੇ ਕਿਰਨ ਦੀ ਅਵਾਜ਼ ਹਾਸੇ ਰਾਹੀਂ ਆਉਂਦੀ ਜਾਪਦੀ ਹੈ/ਫਿਰ ਇਕਦਮ ਓਸੇ ਵਕਤ ਕਨੇਡਾ ਦੇ ਤਰਕਸ਼ੀਲ ਉਸ ਜੋਤਸ਼ੀ ਨੂੰ ਚਣੌਤੀ ਦਿੰਦੇ ਹਨ/ਲੱਖ ਡਾਲਰ ਜਿੱਤਣ ਦੀ ਪੇਸ਼ਕਸ਼ ਕਰਦੇ ਹਨ/ਜੋਤਸ਼ੀ ਗੱਲ ਗੋਲ ਮੋਲ ਕਰਕੇ ਸਗੋਂ ਉਲਟਾ ਤਰਕਸ਼ੀਲ ਨੂੰ ਪੁੱਠਾ ਸਵਾਲ ਕਰਦਾ ਹੈ/ਗੱਲ ਕਿਸੇ ਵੀ ਸਿਰੇ ਨਹੀਂ ਲੱਗਦੀ/ਇਸ ਪ੍ਰੋਗਰਾਮ ਵਿੱਚ ਇੱਕ ਫੋਨ ਕਰਨ ਵਾਲਾ ਤਰਕਸ਼ੀਲ ਉੱਤੇ ਕਾਫੀ ਟੀਕਾ ਟਿੱਪਣੀ ਕਰਕੇ ਕਾਫੀ ਬੁਰਾ ਭਲਾ ਕਹਿੰਦਾ ਹੈ/ਪ੍ਰੋਗਰਾਮ ਨਿਰੰਤਰ ਚੱਲਦਾ ਹੈ/ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੀਆਂ ਸਿੱਖ ਹੋਸਟ ਵਲੋਂ ਅਤੇ ਪੜ੍ਹੇ ਲਿਖੇ ਜੋਤਸ਼ੀ ਵਲੋਂ ਗੱਲਾਂ ਜਾਰੀ ਰਹਿੰਦੀਆਂ ਹਨ/ਸਾਇੰਸ ਦੇ ਹਿਸਾਬ ਨਾਲ ਪੱਤਰੀਆਂ ਬਣਾਉਣ ਲਈ ਲੋਕਾਂ ਦੇ ਫੋਨ ਆਉਂਦੇ ਹਨ/ਵਪਾਰ ਅਤੇ ਭੰਡੀ ਪ੍ਰਚਾਰ ਨਾਲੋ ਨਾਲ ਚੱਲਦਾ ਹੈ/ਦੋਗਲੇ ਮੁੱਖੜੇ ਵਾਰ ਵਾਰ ਮੇਰੇ ਵਰਗੇ ਕਈ ਲੋਕਾਂ ਨੂੰ ਚਿੜਾਉਂਦੇ ਹਨ.....
ਅੰਤਿਕਾ:
ਅੰਗਰੇਜ਼ੀ ਵਿੱਚ ਕਹਿੰਦੇ ਹੁੰਦੇ ਹਨ ਕਿ buyer beware , ਇਸ ਅਨੁਸਾਰ ਇਸ ਪੈਸੇ ਦੀ ਪੁਜਾਰਨ ਦੁਨੀਆਂ ਵਿੱਚ ਸਾਨੂੰ ਸਭ ਨੂੰ ਜੋ ਇਸ ਸਭ ਲੁੱਟ ਤੋਂ ਬਚਣਾ ਚਾਹੁੰਦਾ ਹੈ, ਸਾਵਧਾਨ ਹੋ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਦੌਮੂੰਹੀ ਸੱਪਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਅੱਜ ਹਰ ਕੋਈ ਪੈਸੇ ਦੀ ਭਾਲ ਵਿੱਚ ਗੁਆਚਾ ਹੋਇਆ ਫਿਰ ਰਿਹਾ ਹੈ, ਆਪਣੇ ਆਪ ਨੂੰ ਹੀ ਧੋਖਾ ਦੇਣਾ ਕਈ ਲੋਕਾਂ ਦਾ ਸ਼ੁਗਲ ਬਣ ਚੁੱਕਾ ਹੈ, ਫਿਰ ਦੂਜਾ ਭਲਾ ਉਹਨਾਂ ਦੇ ਸਾਹਮਣੇ ਕੀ ਔਕਾਤ ਰੱਖਦਾ ਹੈ? ਕੀ ਪੈਸੇ ਦੇ ਪੁੱਤ ਬਣਨਾ ਹੀ ਸਾਡਾ ਮੁੱਖ ਮੁੱਦਾ ਬਣ ਚੁੱਕਾ ਹੈ? ਕੀ ਦੂਜਿਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਅੱਜ ਸਾਡਾ ਗੁੱਲੀ-ਡੰਡਾ ਬਣ ਚੁੱਕਾ ਹੈ? ਕੀ ਅਸੀਂ ਪੈਸੇ ਲਈ ਆਪਣੀ ਰੂਹ/ਇਨਸਾਨੀਅਤ/ਅੰਤਰਦ੍ਰਿਸ਼ਟੀ ਵੀ ਕਿਸੇ ਕੋਲ ਵੇਚ ਸਕਦੇ ਹਾਂ?
ਕਾਸ਼ 'ਮੀਟੀਆਂ ਹੋਈਆਂ ਅੱਖਾਂ' ਕਦੇ ਖੁੱਲ ਜਾਣ...................
No comments:
Post a Comment