11.6.08

ਐਦਾਂ ਕਰਨਾ ਬਈਆ ਜੀ....

ਪੰਜਾਬ 'ਚ ਮਜ਼ਦੂਰਾਂ ਦੀ ਕਮੀ ਹੋ ਗਈ ਹੈ ਕਿਉਂਕਿ ਸਰਕਾਰ ਨੇ ਝੋਨਾ ਲਾਉਣ ਦੀ ਤਾਰੀਕ ਮਿੱਥ ਲਈ ਸੀ ਅਤੇ ਇਸ ਤਾਰੀਕ ਦਸ ਜੂਨ ਤੋਂ ਪਹਿਲਾਂ ਝੋਨਾ ਨਹੀਂ ਸੀ ਲਾਇਆ ਜਾ ਸਕਦਾ। ਹੁਣ ਇਸ ਨਾਲ਼ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ ਇਕੋ ਵੇਲ਼ੇ ਝੋਨਾ ਲੱਗਣਾ ਕਰਕੇ ਜੱਟਾਂ ਨੂੰ, ਕਿਸਾਨਾਂ ਨੂੰ ਮਜ਼ਦੂਰ ਨਹੀਂ ਮਿਲ ਰਹੇ।
ਬਿਹਾਰ, ਯੂਪੀ ਆਦਿ ਸੂਬਿਆਂ ਤੋਂ ਹਰ ਸਾਲ ਲੱਖਾਂ ਮਜ਼ਦੂਰ ਪੰਜਾਬ ਵਿੱਚ ਕੰਮ ਕਰਨ ਆਉਂਦੇ ਹਨ।
ਪਰ ਪੰਜਾਬ ਦੇ 'ਲੱਖਾਂ ਕਾਮੇ' ਸਾਰਾ ਸਾਲ ਮੋਟਰਸਾਈਕਲਾਂ ਤੇ ਚੜ੍ਹ ਕੇ ਧੂੜ੍ਹ ਉਡਾਉਂਦੇ ਰਹਿੰਦੇ ਹਨ, ਕੁਝ ਆਪਣੇ ਸਿਰ ਪਾਉਂਦੇ ਹਨ ਕੁਝ ਆਲ਼ੇ ਦੁਆਲ਼ੇ ਦੇ ਲੋਕਾਂ ਦੇ।
ਜਦੋਂ ਤੋਂ ਜੱਟਾਂ ਦੇ ਕਾਕਿਆਂ ਨੇ ਕੰਮ ਕਰਨਾ ਛੱਡਿਆ ਹੈ ਪੰਜਾਬ ਦੇ ਕਿਸਾਨ ਭੁੱਖੇ ਮਰਨ ਲੱਗੇ ਹਨ,
ਅੱਜ ਨੌਬਤ ਇਹ ਆਈ ਹੋਈ ਹੈ ਕਿ ਜੇ ਬਾਹਰਲੇ ਪ੍ਰਾਂਤਾਂ 'ਚੋਂ ਕੰਮ ਕਰਨ ਵਾਲ਼ੇ ਕਾਮੇ ਨਾ ਆਉਣ ਤਾਂ ਪੰਜਾਬ ਦੇ ਲੋਕ ਕੁਝ ਨਹੀਂ ਕਰ ਸਕਣਗੇ। ਖੇਤੀ ਕਰਨੀ ਜਾਂ ਘਰ ਦਾ ਕੰਮ ਕਰਨਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਰਮਨਾਕ ਗੱਲ ਲੱਗਦੀ ਹੈ। ਇਹ ਬਹੁਤ ਖਤਰਨਾਕ ਰੁਝਾਨ ਹੈ। ਫੋਕੀਆਂ ਸ਼ੋਹਰਤਾਂ ਹਾਸਲ ਕਰਨ ਵਾਲ਼ੇ ਗਵੱਈਆਂ ਨੇ, ਬਿਜਲਈ ਮੀਡੀਏ ਨੇ ਪੰਜਾਬ ਦੀ ਜਵਾਨੀ ਦਾ ਰੁਖ ਆਰਥਿਕ ਤਬਾਹੀ ਵਲ ਤਾਂ ਮੋੜਿਆ ਹੀ ਸੀ ਨਾਲ਼ੋ ਨਾਲ਼ ਮਾਨਸਿਕ ਤਬਾਹੀ ਵਲ ਵੀ ਮੋੜ ਦਿੱਤਾ ਹੈ।
ਅੱਜ ਹਾਲਤ ਇਹ ਹੋ ਗਈ ਹੈ ਕਿ ਪੰਜਾਬ ਦੇ ਜੱਟ ਮਜ਼ਦੂਰਾਂ ਨੂੰ ਦੁੱਗਣੀ ਮਜ਼ਦੂਰੀ (੬੦੦ ਰੁਪਏ ਤੋਂ ੧੩੦੦ ਰੁਪਏ) ਦੇਣ ਦੇ ਨਾਲ਼ ਨਾਲ਼ ਰੋਟੀ ਦੇਣੀ, ਭੁੱਕੀ ਦੇਣੀ, ਸ਼ਰਾਬ ਦੇਣ ਦੇ ਵਾਅਦੇ ਵੀ ਕਰ ਰਹੇ ਹਨ। (ਲੱਗਦਾ ਹੈ ਪੰਜਾਬ ਦੇ ਲੀਡਰਾਂ ਵਾਲ਼ੀਆਂ ਸਕੀਮਾਂ ਹੁਣ ਜੱਟ ਵੀ ਅਪਨਾਉਣ ਲੱਗ ਪਏ ਹਨ)
ਹੋ ਸਕਦਾ ਹੈ ਕੱਲ ਨੂੰ ਜੱਟ ਇਹ ਵੀ ਕਹਿਣ ਲੱਗ ਜਾਣ ਕਿ
" ਐਦਾਂ ਕਰਨਾ ਬਈਆ ਜੀ, ਜਬ ਝੋਨਾ ਪੱਕੇਗਾ ਤੋ ਝੋਨਾ ਵੀ ਤੁਮ ਹੀ ਵਾਢ ਲੇਨਾ "

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...