21.6.08

ਨਸਲਵਾਦ....

ਨਸਲਵਾਦ ਹਰ ਥਾਂ ਤੇ ਜਾਪਦਾ ਹੈ ਸਦਾ ਹੀ ਜੀਂਦਾ ਰਹੇਗਾ। ਨਸਲਵਾਦ ਦੇ ਬਹੁਤ ਰੂਪ ਹਨ। ਹਰ ਦੇਸ਼ ਵਿੱਚ ਨਸਲਵਾਦ ਸਿਰ ਚੁੱਕੀ ਖੜ੍ਹਾ ਹੈ। ਭਾਵੇਂ ਅਸੀਂ ਕਿੰਨਾ ਵੀ ਇਸ ਦੇ ਖਿਲਾਫ਼ ਪ੍ਰਚਾਰ ਕਰ ਲਈਏ। ਆਸ ਦੀ ਕਿਰਨ ਨੂੰ ਮਾਰ ਦੇਣਾ ਮੇਰਾ ਨਿਸ਼ਾਨਾ ਨਹੀਂ ਹੈ, ਸਗੋਂ ਅਸਲੀਅਤ ਨੂੰ ਬਿਆਨ ਕਰਨਾ ਮੇਰਾ ਨਿਸ਼ਾਨਾ ਹੈ।
ਅੱਜ ਸ਼ੁੱਕਰਵਾਰ ਦੀ ਰਾਤ ਸੀ, ਮੈਟਰੋਟਾਊਨ ਬਰਨਬੀ ਸ਼ਹਿਰ ਚੋਂ ਇਕ ਵਜੇ ਤੋਂ ਬਾਅਦ ਫਲੈਗ (ਰਸਤੇ ਦੀ ਸਵਾਰੀ) ਮਿਲਿਆ। ਤੀਂਵੀ ਅਤੇ ਆਦਮੀ। ਦੋਵੇਂ ਹੀ ਦਾਰੂ ਨਾਲ ਟੱਲੀ। ਤੀਂਵੀ ਦੀ ਉਮਰ ਨਾਲੋਂ ਆਦਮੀ ਅੱਧੀ ਉਮਰ ਦਾ। ਰਸਤੇ 'ਚ ਜ਼ਨਾਨੀ ਕਹਿਣ ਲੱਗੀ ਕਿ ਮੈਂ ਬੈਂਕ ਮਸ਼ੀਨ 'ਚੋਂ ਪੈਸੇ ਕਢਾਉਣੇ ਹਨ। ਮੈਂ ਇਕ ਜਗ੍ਹਾ ਟੈਕਸੀ ਰੋਕੀ, ਬੈਂਕ ਦੇ ਸਭ ਦਰਵਾਜੇ ਬੰਦ। ਅੱਗੇ ਹੋਰ ਬੈਂਕ ਦੇ ਸਾਹਮਣੇ ਟੈਕਸੀ ਰੋਕੀ, ਜ਼ਨਾਨੀ ਡਾਲਰ ਕਢਾਉਣ ਲਈ ਗਈ ਅਤੇ ਪਿੱਛੋਂ ਉਸਦਾ ਸਾਥੀ ਕਈ ਤਰ੍ਹਾਂ ਦੀਆਂ ਨਾ ਸਹਿਣ ਯੋਗ ਗੱਲਾਂ ਕਰਦਾ ਹੈ। ਕਦੇ ਕਹਿੰਦਾ ਹੈ "ਬਾਈ ਜੀ" ਕਦੇ ਕੁਝ ਉਲਟਾ ਸਿੱਧਾ ਬੋਲਦਾ ਹੈ..........ਥੋੜਾ ਬਹੁਤਾ ਪੰਜਾਬੀ ਨੂੰ ਮੂੰਹ ਮਾਰਦਾ ਹੈ। ਫਿਰ ਥੋੜੇ ਚਿਰ ਬਾਅਦ ........
ਕਹਿਣ ਲੱਗਾ ਕਿ "ਤੁਸੀਂ ਪੰਜਾਬੀ ਲੋਕ ਕਈ ਕਈ ਘਰ ਬਣਾਈ ਬੈਠੇ ਹੋ, ਤੁਸੀਂ ਬਹੁਤ ਕੰਮ ਕਰਦੇ ਹੋ, ਚਾਰ ਚਾਰ ਘਰ ਤੁਹਾਡੇ ਕੋਲ ਹਨ, ਯੂ ਫੱਕਿੰਗ ਪੰਜਾਬੀ ਪੀਪਲ....."
ਮੈਂ ਸੋਚਦਾ ਹਾਂ ਕਿ "ਇਹ ਨਹੀਂ ਬੋਲਦਾ, ਇਹਦੇ ਵਿੱਚੋਂ ਦਾਰੂ ਬੋਲਦੀ ਹੈ...."ਪਰ ਇਹ ਨਿਰੀ ਦਾਰੂ ਨਹੀਂ ਸੀ ਕਿਉਂਕਿ ਨਾਲ਼ ਨਾਲ਼ ਸਭ ਕੁਝ ਕਹਿੰਦਾ ਹੋਇਆ ਵੀ ਸੌਰੀ ਸੌਰੀ ਕਹੀ ਜਾਂਦਾ ਸੀ, ਉਸ ਨੂੰ ਆਪਣੇ ਸ਼ਰਾਬੀ ਹੋਣ ਦਾ ਵੀ ਅਹਿਸਾਸ ਸੀ ਪਰ ਅੰਦਰ ਨਸਲਵਾਦ ਵੀ ਫੁੰਕਾਰੇ ਮਾਰ ਰਿਹਾ ਸੀ....
ਕਈ ਵਾਰ ਕੰਮ ਦੇ ਮਾਮਲੇ ਵਿੱਚ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਇਸ ਲਈ ਗੰਭੀਰਤਾ ਨਾਲ਼ ਨਹੀਂ ਲਿਆ ਜਾ ਸਕਦਾ।
ਕੰਮ ਮੁੱਕਿਆ ਤੇ ਤੂੰ ਕੌਣ ਤੇ ਮੈਂ ਕੌਣ ਵਾਲ਼ੀ ਗੱਲ ਹੋ ਜਾਂਦੀ ਹੈ।
ਪਰ ਇਸ ਤੋਂ ਬਾਅਦ ਉਹ ਗੋਰਾ ਟੁੱਟੇ ਛਿੱਤਰ ਵਾਂਗ ਵਧਦਾ ਹੀ ਜਾ ਰਿਹਾ ਹੈ.....ਕਾਨੂੰਨੀ ਨੁਕਤਾ ਨਿਗਾਹ ਤੋਂ ਸਾਡੇ ਹੱਥ ਬੰਨ੍ਹੇ ਹੋਏ ਹੋਣ ਕਰਕੇ ਕੁਝ ਉਲਟਾ ਸਿੱਧਾ ਕਰਨ ਤੋਂ ਤਾਂ ਮੈਂ ਅਸਮਰੱਥ ਹੀ ਸਾਂ ਪਰ ਜੋ ਮੈਂ ਕਰ ਸਕਦਾ ਸਾਂ ਉਹ ਮੈਂ ਜਰੂਰ ਕੀਤਾ......
ਉਹ ਕੀਤਾ ਇਹ ਕਿ ਜ਼ਨਾਨੀ ਦੇ ਵਾਪਸ ਆਉਣ ਤੇ ਦੋਵਾਂ ਨੂੰ ਟੈਕਸੀ 'ਚੋਂ ਬਾਹਰ ਕੱਢ ਕੇ ਸੜਕ ਤੇ ਖਲ੍ਹਾਰ ਦਿੱਤਾ ਨਾਲ਼ੇ ਡਿਸਪੈਚਰ (ਸਾਡੇ ਦਫ਼ਤਰ ਵਿੱਚ ਕੰਮ ਕਰਨਾ ਵਾਲ਼ਾ) ਨੂੰ ਆਖ ਦਿੱਤਾ ਕਿ ਇਨ੍ਹਾਂ ਨੇ ਮੇਰੇ ਨਾਲ਼ ਬਦਤਮੀਜੀ ਕੀਤੀ ਹੈ ਅਤੇ ਇਨ੍ਹਾਂ ਕੋਲ਼ ਪੈਸੇ ਵੀ ਨਹੀਂ ਹਨ.....ਏਸ ਜਗ੍ਹਾ ਤੇ ਹੋਰ ਟੈਕਸੀ ਨਾ ਭੇਜਿਓ....ਬਲਾ ਬਲਾ...
ਹੁਣ ਖੜ੍ਹੇ ਰਹੇ ਹੋਣਗੇ ਉਥੇ ਹੀ ਜਾਂ ਤੁਰ ਕੇ ਗਏ ਹੋਣਗੇ ਆਪਣੇ ਟਿਕਾਣੇ ਤੇ...ਜਾਣਾ ਤਾਂ ਉਨ੍ਹੀਂ ਕਾਫੀ ਦੂਰ ਸੀ.......ਜ਼ਨਾਨੀ ਸੌਰੀ ਸੋਰੀ ਕਰਦੀ ਰਹੀ ਅਤੇ ਪੁੱਛਣ ਲੱਗੀ ਕਿ ਕੀ ਹੋਇਆ ਹੈ ਮੈਂ ਉਸ ਨੂੰ ਦੱਸਿਆ ਕਿ ਇਹ ਤੇਰਾ ਸਾਥੀ ਏਸ ਤਰ੍ਹਾਂ ਬੋਲਦਾ ਹੈ,,,ਮੈਂ ਹੁਣ ਤੁਹਾਨੂੰ ਲੈਕੇ ਨਹੀਂ ਜਾਣਾ, ਆਪਣਾ ਹੋਰ ਪ੍ਰਬੰਧ ਕਰੋ...ਉਹ ਕਹਿਣ ਲੱਗੀ ਕਿ ਕਿੰਨੇ ਪੈਸੇ ਹੋਏ ਹਨ ਹੁਣ ਤੱਕ...ਮੈਂ ਕਿਹਾ ਕਿ ਤੁਸੀਂ ਤੁਰਦੇ ਬਣੋ....ਪੈਸਿਆਂ ਨੂੰ ਛੱਡੋ....
-------------
ਇਸ ਸਭ ਕਾਸੇ ਤੋਂ ਬਾਅਦ ਮੇਰਾ ਮਨ ਖਰਾਬ ਹੋ ਗਿਆ, ਹੋਰ ਕਿਸੇ ਨਾਲ ਮੱਥਾ ਮਾਰਨ ਨੂੰ ਦਿਲ ਨਹੀਂ ਕੀਤਾ ਅਤੇ ਮੈਂ ਘਰ ਨੂੰ ਆ ਗਿਆ....ਆਹ ਲਿਖਣ ਲੱਗ ਪਿਆ.....
ਕੀ ਕਰੀਏ....ਅਣਖ ਤਾਂ ਜਾਗਦੀ ਰਹਿੰਦੀ ਏ ਪਰ ਨਸਲਵਾਦ ਵੀ ਖੰਭ ਖਿਲਾਰਦਾ ਹੀ ਰਹਿੰਦਾ ਏ....

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...