17.12.08

ਮਘਦਾ ਰਹੀਂ ਵੇ ਸੂਰਜਾ........

ਕਾਫ਼ੀ ਦਿਨ ਹੋ ਗਏ ਹਨ, ਕੁਝ ਅੱਖਰ ਵੀ ਨਹੀਂ ਪਾ ਸਕਿਆ। ਖੈਰ, ਦੁਨੀਆ ਦੀ ਹਾਲਤ ਵਾਂਗ ਮਨ ਦੀ ਹਾਲਤ ਵੀ ਨਾ-ਸਾਜ ਹੋ ਜਾਂਦੀ ਹੈ ਕਦੇ ਕਦੇ। ਕਈ ਵਾਰ ਸਭ ਕੁਝ ਛੱਡ ਛੁਡਾ ਕੇ ਕਿਧਰੇ ਗੁਪਤਵਾਸ ਕਰ ਜਾਣ ਲਈ ਦਿਲ ਕਰਦਾ ਹੈ ਪਰ ਆਪਣੇ ਸਿਰਜੇ ਹੋਏ ਜਾਂ ਅਣਦੇਖੇ ਤਾਕਤਵਰ ਦੇ ਸਿਰਜੇ ਹੋਏ ਮੱਕੜਜਾਲ਼ 'ਚ ਐਸੇ ਫਸੇ ਹੋਏ ਹਾਂ ਕਿ ਕਿਤੇ ਵੀ ਨਹੀਂ ਜਾਇਆ ਜਾ ਸਕਦਾ। ਲੋਕਾਂ ਤੋਂ ਦੂਰ ਤਾਂ ਇਕ ਪਾਸੇ ਆਪਣੇ ਆਪੇ ਤੋਂ ਵੀ ਪਾਸੇ ਨਹੀਂ ਹਟ ਕੇ ਖਲੋਇਆ ਜਾ ਸਕਦਾ।
ਬੰਬਈ ਦੇ ਧਮਾਕਿਆਂ ਤੋਂ ਬਾਅਦ ਅੱਜ ਤੱਕ ਉਸ ਮਾਹੌਲ ਨਾਲ਼ ਉਲਝੀਆਂ ਹੋਈਆਂ ਖ਼ਬਰਾਂ ਨੂੰ ਪੜ੍ਹਦਾ/ਸੁਣਦਾ ਆ ਰਿਹਾ ਹਾਂ। ਕਿੰਨੀ ਵਾਰ ਹੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਹਰ ਵਾਰ ਉਹੀ ਹੁੰਦਾ ਹੈ ਜੋ ਅੱਜ ਵੀ ਹੋ ਰਿਹਾ ਹੈ। ਸੱਪ ਦੀ ਲੀਕ ਨੂੰ ਕੁੱਟ ਕੁੱਟ ਕੇ ਕਚੂੰਬਰ ਕੱਢਿਆ ਜਾ ਰਿਹਾ ਹੈ, ਸੱਪ ਛੱਡਣ ਵਾਲ਼ੇ ਲਾਪਤਾ ਹਨ ਅਤੇ ਸੱਪ ਮਾਰਿਆ ਜਾ ਚੁੱਕਾ ਹੈ।
ਲੋਕ ਲਹਿਰ ਜਜ਼ਬਾਤਾਂ ਦੇ ਘੇਰਿਆਂ ਨੂੰ ਚੀਰ ਕੇ ਮੋਟੇ ਮੋਟੇ ਦੰਦਾਂ ਵਾਲ਼ੇ ਅਜਗਰਾਂ ਨੂੰ ਚੀਰਨਾ ਚਾਹੁੰਦੀ ਤਾਂ ਹੈ ਪਰ ਬੇਵੱਸ, ਮਜਬੂਰੀਆਂ ਦੀ ਦਲਦਲ ਵਿੱਚ ਧਸੀ ਹੋਈ ਕਮਜੋਰ ਹੋ ਕੇ ਆਖਰ ਰੇਤ ਦੇ ਘਰ ਵਾਂਗ ਜਿੱਥੋਂ ਉੱਠਦੀ ਹੈ ਉੱਥੇ ਹੀ ਵਾਪਸ ਚੁੱਪ ਚਾਪ ਧਰਤੀ ਦੀ ਹਿੱਕ ਨਾਲ ਲੱਗ ਕੇ ਸੌਂ ਜਾਂਦੀ ਹੈ....।
ਕਿੰਨਾ ਵੀ ਹਨੇਰਾ ਹੋਵੇ, ਰਾਤ ਕਿੰਨੀ ਵੀ ਲੰਬੀ ਜਾਪੇ, ਦਿਨ ਨੇ ਚੜ੍ਹਦੇ ਸਾਰ ਹੀ ਆਪਣੀ ਹੋਂਦ ਦਾ ਦਿਖਾਵਾ ਸੁਨਹਿਰੀ ਕਿਰਨਾਂ ਦੇ ਸੰਗ ਰਲ਼ ਕੇ ਕਰਨਾ ਹੀ ਹੁੰਦਾ ਹੈ। ਅਸੀਂ ਵੀ ਇੱਕ ਅਜਿਹੇ ਸੂਰਜ ਦੀ ਆਸ ਵਿੱਚ ਬੈਠੇ ਹਾਂ, ਜਿਹੜਾ ਜਦੋਂ ਚੜ੍ਹੇ ਫਿਰ ਮੁੜ ਕੇ ਅਸਤ ਨਾ ਹੋਵੇ ਅਤੇ ਨਾ ਹੀ ਕਦੇ ਠੰਡਾ ਹੋਵੇ ਅਤੇ ਨਾ ਹੀ ਕਦੇ ਖੂਨੀ ਹਨੇਰਿਆਂ ਤੋਂ ਡਰੇ!

No comments:

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...