11.5.09

ਰੁੱਤ ਵੋਟਾਂ ਦੀ ਆਈ...........

ਰੁੱਤ ਵੋਟਾਂ ਦੀ

ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ
ਝੂਠੇ ਵਾਅਦੇ, ਕੋਰੇ ਭਾਸ਼ਣ,
ਆਪਣੇ ਨਾਲ ਲਿਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਹਾਥੀ ਦੇ ਦੰਦ ਖਾਣ ਦੇ ਹੋਰ ਤੇ, ਹੁੰਦੇ ਹੋਰ ਦਿਖਾਉਣੇ ਲਈ
ਪਾਉਣੀ ਕੁੰਡੀ, ਸਿੱਟਣੀ ਬੋਟੀ, ਵੋਟਰ ਨੂੰ ਫੁਸਲਾਉਣੇ ਲਈ
ਝੁਕ ਝੁਕ ਹੋਣੀਆਂ ਅਜੇ ਸਲਾਮਾਂ,
ਖੜਕਣਗੇ ਜਾਮ ਪਈਆਂ ਸ਼ਾਮਾਂ
ਕਰਕੇ ਹੋਸ਼, ਦਿਮਾਗ ਵਰਤਕੇ, ਕਰ ਲਈਂ ਕੋਈ ਚਤੁਰਾਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਸੁਣ ਸੁਣ ਨਾਹਰੇ ਘਸੇ ਪੁਰਾਣੇ, ਕੰਨ ਤੇਰੇ ਭਾਂ ਭਾਂ ਕਰਨੇ
ਤੇਰੇ ਦਿੱਤੇ, ਟੈਕਸ ’ਚੋਂ ਸੱਜਣਾ, ਕਿਸੇ ਹੋਰ ਆ ਬੁੱਕ ਭਰਨੇ
ਹਰ ਪਾਸੇ ਹੁਣ ਚੱਲਣੇ ਚਰਚੇ,
ਸ਼ਰਾਬ ਸ਼ਬਾਬ ਤੇ ਹੋਣੇ ਖਰਚੇ
ਇੱਕ ਹੱਥ ਦੇਣਾ, ਇੱਕ ਹੱਥ ਲੈਣਾ, ਕੇਹੀ ਰੀਤ ਚਲਾਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਹਰ ਪਾਸੇ ਹੀ ਚਮਚੇ ਫਿਰਦੇ, ਲੋਕਾਂ ਦਾ ਅੱਜ ਆਇਆ ਚੇਤਾ
ਦੇਖੋ ਲੋਕੋ, ਆ ਕੇ ਦੇਖੋ, ਸਾਡੇ ਪਿੰਡ ਅੱਜ ਆਇਆ ਨੇਤਾ
ਲੱਗਦਾ ਇਸ ਨੂੰ ਰਸਤਾ ਭੁੱਲਿਆ,
ਦੇਖੋ ਕਿਵੇਂ ਪਸੀਨਾ ਡੁੱਲ੍ਹਿਆ
ਏ ਸੀ ਕਾਰ ਤੇ, ਕੱਚੀਆਂ ਸੜਕਾਂ, ਕਾਰ ਫਿਰੇ ਬੁੰਦਲ਼ਾਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਕਿਤੇ ਹੈ ਨੀਲਾ ਕਿਤੇ ਹੈ ਚਿੱਟਾ, ਉੱਡਦਾ ਏ ਕਿਤੇ ਭਗਵਾਂ ਰੰਗ
ਸਾਰੇ ਕਰਦੇ ਕੋਸ਼ਿਸ਼ ਨੇ ਕਿ, ਲੋਕ ਤਾਂ ਆਪਾਂ ਕਰਨੇ ਨੰਗ
ਇਸ ਵਾਰੀ ਆਊ ਸਾਡੀ ਵਾਰੀ,
ਵੇਖੋ ਬਣ ਗਈ ਖੇਡ ਨਿਆਰੀ
ਕਿਸ ਨੇ ਜਿੱਤਣਾ, ਕਿਹੜਾ ਹਾਰੂ, ਕਿਸਦੀ ਸ਼ਾਮਤ ਆਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

ਧਰਮਾਂ ਨੂੰ ਇਹ ਕਹਿਣਾ ਬਣਦਾ, ਲੀਡਰਾਂ ਤੋਂ ਜਰਾ ਦੂਰ ਰਿਹੋ
ਭੁੱਲ ਕੇ ਵੀ ਕਿਸੇ ਮਾਤੜ ਤਾਈਂ, ਕਰ ਨਾ ਯਾਰੋ ਚੂਰ ਦਿਓ
ਖੂਨ ਦਾ ਰੰਗ ਹਰ ਪਾਸੇ ਲਾਲ,
ਰੱਖਣਾ ਹਾੜੇ ਜਰਾ ਸੰਭਾਲ
ਮਿਲੀ ਜੋ ਜ਼ਿੰਦਗੀ, ਸਾਨੂੰ ਸਭ ਨੂੰ, ਮੁੱਕ ਨਾ ਜਾਏ ਅਜਾਈਂ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

‘ਕੰਗ’ ਤੂੰ ਰਹਿਣਾ ਕਰਜ਼ੇ ਥੱਲੇ, ਭਾਰ ਕੋਈ ਸਿਰ ਤੋਂ ਲਹਿਣਾ ਨਹੀਂ
ਓਹ ਕੁਝ ਹੋਣਾ, ਜੋ ਪਹਿਲਾਂ ਸੀ, ਫਰਕ ਕੋਈ ਐਡਾ ਪੈਣਾ ਨਹੀਂ
ਪਰ ਭੁੱਲੀਂ ਨਾ ਫ਼ਰਜ਼ ਨਿਭਾਉਣਾ,
ਝੂਠ ਦੇ ਗਲ਼ ’ਚੇ, ਰੱਸਾ ਪਾਉਣਾ
ਆਪਣਾ ਤੂੰ ਹੀ, ਫ਼ਰਜ਼ ਜਾਣ ਕੇ, ਕਰ ਲੈ ਨੇਕ ਕਮਾਈ ਓ ਸੱਜਣਾ
ਰੁੱਤ ਵੋਟਾਂ ਦੀ ਆਈ ਓ ਸੱਜਣਾ, ਰੁੱਤ ਵੋਟਾਂ ਦੀ ਆਈ…

2 comments:

ਤਨਦੀਪ 'ਤਮੰਨਾ' said...

ਕਮਲ ਜੀ...ਗੀਤ ਬਹੁਤ ਖ਼ੂਬਸੂਰਤ ਹੈ। ਮੁਬਾਰਕਾਂ। ਮੇਰੀ ਮੰਨੋ ਕਿਸੇ ਨੂੰ ਵੀ ਵੋਟ ਨਾ ਪਾਓ...ਸਭ ਇੱਕੋ ਥੈਲੀ ਦੇ ਚੱਟੇ-ਵੱਟੇ ਨੇ।
ਤਨਦੀਪ ਤਮੰਨਾ

हरकीरत ' हीर' said...

ਹਾਥੀ ਦੇ ਦੰਦ ਖਾਣ ਦੇ ਹੋਰ ਤੇ, ਹੁੰਦੇ ਹੋਰ ਦਿਖਾਉਣੇ ਲਈ
ਪਾਉਣੀ ਕੁੰਡੀ, ਸਿੱਟਣੀ ਬੋਟੀ, ਵੋਟਰ ਨੂੰ ਫੁਸਲਾਉਣੇ ਲਈ
ਝੁਕ ਝੁਕ ਹੋਣੀਆਂ ਅਜੇ ਸਲਾਮਾਂ,
ਖੜਕਣਗੇ ਜਾਮ ਪਈਆਂ ਸ਼ਾਮਾਂ
ਕਰਕੇ ਹੋਸ਼, ਦਿਮਾਗ ਵਰਤਕੇ, ਕਰ ਲਈਂ ਕੋਈ ਚਤੁਰਾਈ ਓ ਸੱਜਣਾ

ਬ੍ੜਾ ਸਹੀ ਕਿਹਾ ਹੈ ਤੁਸੀਂ....ਬਹੁਤ ਵਧੀਆ......!!

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...