17.7.09

ਰਾਜ ਦੀ ਕਾਰਜ ਪ੍ਰਣਾਲੀ............

ਰੋਜ਼ ਦੀ ਆਦਤ ਅਨੁਸਾਰ 'ਬਘੇਲਾ' ਅੱਜ ਦੀ ਤਾਜ਼ਾ "ਮੁੱਠਭੇੜ" ਅਖ਼ਬਾਰ ਪੜ੍ਹ ਰਿਹਾ ਸੀ।

ਅਚਾਨਕ ਉਸ ਨੇ ਆਪਣੇ ਬਾਪੂ ਨੂੰ ਸਵਾਲ ਕੀਤਾ, "ਬਾਪੂ ਬਾਪੂ, ਆਹ 'ਰਾਜ ਦੀ ਕਾਰਜ ਪ੍ਰਣਾਲੀ' ਕੀ ਹੁੰਦੀ ਆ?"

"ਇਹ ਜਿਵੇਂ....." 'ਭਗਵਾਨ ਸਿੰਘ' ਸੋਚਦਾ ਸੋਚਦਾ ਕਹਿਣ ਲੱਗਿਆ, ਵੇਖ! ਮੈਂ ਕਮਾਈ ਕਰਕੇ ਘਰ ਨੂੰ ਪੈਸੇ ਲਿਆਉਂਦਾ ਆਂ, ਮਤਲਬ ਮੈਂ ਹੈਗਾਂ "ਪੈਸੇ ਸਾਂਭਣ ਵਾਲ਼ਾ ਜਾਂ ਕਹਿ ਲਾ ਪਈ, ਧਨਾਢ ਤਬਕਾ"।
ਤੇਰੀ ਮਾਂ 'ਇੰਦਰਾ', ਇਹ ਵੇਖਦੀ ਆ ਕਿ ਇਸ ਪੈਸੇ ਨੂੰ ਕਿੱਥੇ ਅਤੇ ਕਿਵੇਂ ਖਰਚ ਕਰਨਾ ਆ, ਜਿਹਦਾ ਮਤਲਬ ਹੋਇਆ ਪਈ ਓਹ ਹੈਗੀ ਆ "ਗੌਰਮਿੰਟ"।
ਜਿਹੜੀ ਆਪਣੇ ਘਰ ਕੰਮ ਕਰਨ ਵਾਲ਼ੀ ਹੈ, 'ਰਾਣੋ', ਓਹ ਹੈਗੀ ਆ "ਮਜ਼ਦੂਰ ਜਮਾਤ"।
ਤੂੰ ਹੈਗਾ ਏਂ, ਇਕ "ਆਮ ਆਦਮੀ"।
ਤੇਰਾ ਛੋਟਾ ਭਾਈ 'ਰੁਲ਼ਦੂ', ਓਹ ਹੈਗਾ, "ਅਗਲੀ ਪੀੜ੍ਹੀ" ਜਾਂ ਕਹਿ ਲਓ ਕਿ "ਭਵਿੱਖ"।

ਅਜੇ ਸਮਝਿਆ ਕਿ ਨਹੀਂ?, ਨਹੀਂ ਤਾਂ ਲਾਵਾਂ, ਤੇਰੇ ਦੋ ਕੰਨਾਂ ਤੇ?"

ਅੱਜ ਦੀ ਰਾਤ ਬਘੇਲਾ ਸੋਚਾਂ ਸੋਚਦਾ ਸੋਚਦਾ ਸੌਂ ਗਿਆ। ਅੱਧੀ ਕੁ ਰਾਤ ਨੂੰ ਓਹਨੂੰ ਜਾਗ ਆ ਗਈ, ਕਿਉਂ ਕਿ ਉਸ ਦਾ ਛੋਟਾ ਭਰਾ ਰੋ ਰਿਹਾ ਸੀ। ਉਸ ਨੇ ਮੰਜਾ ਗਿੱਲਾ ਕਰ ਦਿੱਤਾ ਸੀ। ਬਘੇਲਾ ਆਪਣੀ ਮਾਂ ਨੂੰ ਜਗਾਉਣ ਗਿਆ, 'ਇੰਦਰਾ' ਘੋੜੇ ਵੇਚ ਕੇ ਸੁੱਤੀ ਪਈ ਸੀ, ਉਹ ਨਾ ਜਾਗੀ। ਇਸ ਲਈ ਬਘੇਲਾ ਕੰਮ ਕਰਨ ਵਾਲ਼ੀ ਦੇ ਕਮਰੇ ਵਿੱਚ ਗਿਆ ਤਾਂ ਉੱਥੇ ਉਸ ਦਾ ਬਾਪੂ 'ਰਾਣੋ' ਨਾਲ਼ ਸੁੱਤਾ ਪਿਆ ਸੀ। ਬਘੇਲਾ ਓਹਨੀਂ ਕਦਮੀਂ ਬੌਂਦਲ਼ਿਆ ਜਿਹਾ ਵਾਪਸ ਆ ਗਿਆ।

ਅਗਲੀ ਸਵੇਰ ਬਘੇਲੇ ਦੇ ਬਾਪ ਨੇ ਉਸ ਨੂੰ ਪੁੱਛਿਆ, "ਬਘੇਲੇ ਪੁੱਤਰ, ਤੈਨੂੰ 'ਰਾਜ ਦੀ ਕਾਰਜ ਪ੍ਰਣਾਲੀ' ਸਮਝ ਆਈ ਕਿ ਨਹੀਂ?"

ਬਘੇਲੇ ਨੇ ਜਵਾਬ ਦਿੱਤਾ,
"ਹਾਂ ਬਾਪੂ,
ਮੈਂ ਚੰਗੀ ਤਰ੍ਹਾਂ ਸਮਝ ਗਿਆ ਕਿ "ਧਨਾਡ ਤਬਕਾ",
"ਮਜ਼ਦੂਰ ਜਮਾਤ" ਦਾ ਸ਼ੋਸ਼ਣ ਕਰ ਰਿਹਾ ਹੈ,
ਸਾਡੀ "ਗੌਰਮਿੰਟ" ਸੁੱਤੀ ਪਈ ਹੈ,
ਕੌਮ ਦਾ "ਭਵਿੱਖ" ਰੋ ਰਿਹਾ ਹੈ, ਆਪਣੀਆਂ ਸਧਾਰਨ ਲੋੜਾਂ ਦੀ ਪੂਰਤੀ ਲਈ
ਅਤੇ
"ਆਮ ਆਦਮੀ" ਇਸ ਸਭ ਕਾਸੇ ਦੀ ਚੱਕੀ ਵਿੱਚ ਪਿਸ ਰਿਹਾ ਹੈ,
ਘੁਣ ਵਾਂਗੂੰ।"
***
(ਅੰਗਰੇਜ਼ੀ ਤੋਂ ਅਨੁਵਾਦ-ਕਮਲ ਕੰਗ)

ਲੋਕ ਕੁਝ ਵੀ ਕਹਿਣ.......

ਨਾ ਤੈਨੂੰ ਕਿਸੇ ਹਿਸਾਬ-ਕਿਤਾਬ ਦੀ ਲੋੜ ਹੈ ਨਾ ਹੀ ਮੈਨੂੰ, ਪਿਆਰ 'ਚ ਜਰਬਾਂ ਤਕਸੀਮਾਂ ਨਹੀਂ ਰੂਹਾਂ ਦੀਆਂ ਰਮਜ਼ਾਂ ਹੁੰਦੀਆਂ ਨੇ! ਲੋਕ ਕੁਝ ਵੀ ਕਹਿਣ, ਕੰਧ ਤੇ ...